ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਦਸੰਬਰ 5
ਚੰਡੀਗੜ੍ਹ ‘ਚ ਤੇਜ਼ ਰਫਤਾਰ ਨਾਲ ਚੱਲਣ ਵਾਲੀਆਂ ਸਰਕਾਰੀ ਬੱਸਾਂ ‘ਤੇ ਟਰੈਫਿਕ ਵਿਭਾਗ ਵਲੋਂ ਨਜ਼ਰ ਰੱਖੀ ਜਾ ਰਹੀ ਹੈ। ਨਵੰਬਰ ਮਹੀਨੇ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਟਰੈਫਿਕ ਪੁਲੀਸ ਨੇ ਅਜਿਹੀਆਂ 74 ਬੱਸਾਂ ਦੇ ਚਲਾਨ ਕੀਤੇ ਹਨ। ਇਨ੍ਹਾਂ ਵਿੱਚ ਸੀਟੀਯੂ ਦੀਆਂ 15 ਬੱਸਾਂ, ਪੰਜਾਬ ਰੋਡਵੇਜ਼ ਦੀਆਂ ਅੱਠ, ਹਰਿਆਣਾ ਰੋਡਵੇਜ਼ ਦੀਆਂ ਅੱਠ, ਹਿਮਾਚਲ ਰੋਡਵੇਜ਼ ਦੀਆਂ 26 ਬੱਸਾਂ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਖੰਡ ਰੋਡਵੇਜ਼ ਦੀਆਂ 17 ਬੱਸਾਂ ਸ਼ਾਮਲ ਹਨ।
ਟਰੈਫਿਕ ਪੁਲੀਸ ਵੱਲੋਂ ਦੱਸਿਆ ਗਿਆ ਕਿ ਦੁਪਹਿਰ ਵੇਲੇ ਚੌਰਾਹਿਆਂ ’ਤੇ ਪੁਲੀਸ ਮੁਲਾਜ਼ਮ ਮੌਜੂਦ ਹੁੰਦੇ ਹਨ ਜਿਸ ਕਰਕੇ ਸਰਕਾਰੀ ਬੱਸਾਂ ਦੇ ਚਾਲਕ ਆਰਾਮ ਨਾਲ ਗੱਡੀ ਚਲਾਉਂਦੇ ਹਨ ਪਰ ਰਾਤ ਸਮੇਂ ਉਹ ਬਾਹਰੋਂ ਬੱਸਾਂ ਦੇ ਨੰਬਰਾਂ ਦਾ ਫਾਇਦਾ ਉਠਾ ਕੇ ਤੇਜ਼ ਰਫ਼ਤਾਰ ਨਾਲ ਲਾਲ ਬੱਤੀ ਤੋੜ ਕੇ ਰਵਾਨਾ ਹੋ ਜਾਂਦੇ ਹਨ। ਇਸ ਤੋਂ ਬਾਅਦ ਵਿਭਾਗ ਨੇ ਟੀਮਾਂ ਬਣਾ ਕੇ ਵਿਸ਼ੇਸ਼ ਨਾਕੇ ਲਗਾਏ ਅਤੇ ਦੁਰਘਟਨਾਗ੍ਰਸਤ ਥਾਵਾਂ, ਹਨੇਰੇ ਵਾਲੇ ਸਥਾਨਾਂ ਅਤੇ ਖਤਰਨਾਕ ਮੋੜਾਂ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ। ਉਸ ਤੋਂ ਬਾਅਦ ਚੰਡੀਗੜ੍ਹ ਸਮੇਤ ਹੋਰ ਰਾਜਾਂ ਦੀਆਂ ਬੱਸਾਂ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਚਲਾਨ ਕੀਤੇ ਗਏ।