ਫੈਕਟ ਸਮਾਚਾਰ ਸੇਵਾ
ਧੂਰੀ, ਜਨਵਰੀ 20
ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਧੂਰੀ ਹਲਕੇ ਦੇ ਪਿੰਡ ਬਰੜਵਾਲ ਵਿਖੇ 12.27 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਦੀ ਨਵੀਂ ਇਮਾਰਤ ਦੇ ਉਸਾਰੀ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ 3 ਕਰੋੜ ਰੁਪਏ ਦੀ ਲਾਗਤ ਨਾਲ ਆਈ.ਟੀ.ਆਈ ਦੀ ਚੱਲ ਰਹੀ ਮੁਰੰਮਤ ਦੇ ਕੰਮ ਦਾ ਵੀ ਜਾਇਜ਼ਾ ਲਿਆ।
ਸਮਾਗਮ ‘ਚ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਅਸ਼ੋਕ ਕੁਮਾਰ ਲੱਖਾ, ਮੈਂਬਰ ਫੂਡ ਕਮਿਸ਼ਨ ਜਸਵੀਰ ਸਿੰਘ ਜੱਸੀ ਸੇਖੋਂ, ਮੈਂਬਰ ਪੰਜਾਬ ਵਕਫ਼ ਬੋਰਡ ਡਾ. ਅਨਵਰ ਖ਼ਾਨ, ਡਾਇਰੈਕਟਰ ਅਨਿਲ ਮਿੱਤਲ, ਡਾਇਰੈਕਟਰ ਸ਼ੂਗਰ ਫੈਡ ਜਸਪਾਲ ਸਿੰਘ ਭੁੱਲਰ, ਸਤਿੰਦਰ ਸਿੰਘ ਚੱਠਾ ਵੀ ਮੌਜੂਦ ਸਨ।
ਇਸ ਮੌਕੇ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਯੋਗ ਬਣਾਉਣ ਲਈ ਹੁਨਰਮੰਦ ਸਿੱਖਿਆ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਬਰੜਵਾਲ (ਧੂਰੀ) ਵਿਖੇ ਸਰਕਾਰੀ ਆਈ.ਟੀ.ਆਈ ਦੀ ਨਵੀਂ ਬਿਲਡਿੰਗ ਦੀ ਉਸਾਰੀ ’ਤੇ ਕੁੱਲ 12.27 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਨਵੀਂ ਤਿੰਨ ਮੰਜ਼ਿਲਾਂ ਇਮਾਰਤ ਦਾ ਕੁੱਲ ਕਵਰਡ ਏਰੀਆ 35,408 ਵਰਗ ਫੁੱਟ ਹੋਵੇਗਾ।
ਉਹਨਾਂ ਦੱਸਿਆ ਕਿ ਪ੍ਰੋਜੈਕਟ ਅਧੀਨ ਇਮਾਰਤ ਦੀ ਉਸਾਰੀ ਦੇ ਨਾਲ-ਨਾਲ ਚਾਰਦੀਵਾਰੀ, ਪਾਰਕਿੰਗ ਖੇਤਰ, ਅੰਦਰੂਨੀ ਸੜਕਾਂ ਦਾ ਵਿਕਾਸ ਅਤੇ ਸੁੰਦਰ ਲੈਂਡ ਸਕੇਪਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਆਧੁਨਿਕ ਆਈ.ਟੀ.ਆਈ. ਨੌਜਵਾਨਾਂ ਨੂੰ ਨਵੀਂਆਂ ਅਤੇ ਉੱਭਰ ਰਹੀਆਂ ਤਕਨੀਕਾਂ ਨਾਲ ਜੋੜੇਗੀ, ਜਿਨ੍ਹਾਂ ਦੀ ਬਾਜ਼ਾਰ ਵਿੱਚ ਵੱਡੀ ਮੰਗ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ’ਤੇ ਵੀ ਸੈਂਕੜੇ ਕਰੋੜ ਰੁਪਏ ਖ਼ਰਚ ਕੀਤੇ ਹਨ ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਨੂੰ ਸਿੱਖਿਆ ਲਈ ਬਿਹਤਰ ਮਾਹੌਲ ਮਿਲ ਸਕੇ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਹਲਕਾ ਧੂਰੀ ਵਾਸੀਆਂ ਨੂੰ ਵਧਾਈ ਦਿੰਦੇ ਆ ਕਿਹਾ ਕਿ ਇਸ ਸਰਕਾਰੀ ਆਈ.ਟੀ.ਆਈ. ਵਿੱਚ ਇਲੈਕਟ੍ਰੀਸ਼ੀਅਨ ਅਤੇ ਫਿਟਰ (ਦੋ ਸਾਲਾ ਕੋਰਸ), ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਟੈਕਨੀਸ਼ੀਅਨ, ਮਕੈਨਿਕ ਇਲੈਕਟ੍ਰਿਕ ਵਹੀਕਲ ਅਤੇ ਮਸ਼ੀਨਿਸਟ (ਦੋ ਸਾਲਾ ਕੋਰਸ) ਸਮੇਤ ਪਲੰਬਰ, ਡਰਾਫਟਸਮੈਨ ਸਿਵਲ, ਮਲਟੀਮੀਡੀਆ ਐਨੀਮੇਸ਼ਨ ਐਂਡ ਸਪੈਸ਼ਲ ਇਫੈਕਟਸ, ਕਾਸਮੈਟੋਲੋਜੀ, ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ, ਸੀਵਿੰਗ ਟੈਕਨੌਲੋਜੀ ਅਤੇ ਸਰਫੇਸ ਓਰਨਾਮੈਂਟੇਸ਼ਨ ਟੈੱਕਨੀਕ (ਕਢਾਈ) ਵਰਗੇ ਇੱਕ ਸਾਲਾ ਕੋਰਸ ਸ਼ੁਰੂ ਕੀਤੇ ਜਾਣਗੇ ਜੋ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਰਾਜ ਭਰ ਦੀਆਂ ਆਈਟੀਆਈਆਂ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਨਵੇਂ ਕੋਰਸਾਂ ਤਹਿਤ ਲਗਭਗ 450 ਨੌਜਵਾਨਾਂ ਨੂੰ ਸਿਖਲਾਈ ਸਹੂਲਤਾਂ ਪ੍ਰਦਾਨ ਕਰੇਗੀ। ਨਵੀਂ ਇਮਾਰਤ ਬਣਨ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਹੁਨਰ ਪ੍ਰਦਾਨ ਕਰਕੇ ਸਵੈ-ਰੁਜ਼ਗਾਰ ਅਤੇ ਉੱਦਮੀ ਬਣਨ ਲਈ ਪ੍ਰੇਰਿਤ ਕੀਤਾ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਉਸਾਰੀ ਕੰਮ ਦੇ ਮੁਕੰਮਲ ਹੋਣ ਉਪਰੰਤ ਡਾਇਰੈਕਟੋਰੇਟ ਜਨਰਲ ਆਫ਼ ਟ੍ਰੇਨਿੰਗ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ ਅਧਿਆਪਕਾਂ ਅਤੇ ਪ੍ਰਸ਼ਾਸਕੀ ਸਟਾਫ਼ ਲਈ ਜ਼ਰੂਰੀ ਅਸਾਮੀਆਂ ਭਰੀਆਂ ਜਾਣਗੀਆਂ। ਇਹ ਆਈ.ਟੀ.ਆਈ. ਆਲ਼ੇ-ਦੁਆਲੇ ਦੇ ਖੇਤਰ ਲਈ ਇੱਕ ਮਹੱਤਵਪੂਰਨ ਹੁਨਰ ਵਿਕਾਸ ਕੇਂਦਰ ਵਜੋਂ ਕੰਮ ਕਰੇਗੀ, ਜੋ ਸਥਾਨਕ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਖੇਤਰ ਦੇ ਆਰਥਿਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।
ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਸ ਸੰਸਥਾ ਦੀ ਸਥਾਪਨਾ ਨਾਲ ਖੇਤਰ ਦੇ ਨੌਜਵਾਨ ਹੁਨਰਮੰਦ, ਰੁਜ਼ਗਾਰ ਅਤੇ ਸਵੈ-ਨਿਰਭਰ ਬਣਨਗੇ ਅਤੇ ਇੱਕ ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਦੱਸਿਆ ਕਿ ਧੂਰੀ ਵਿੱਚ ਪਹਿਲਾ ਸਰਕਾਰੀ ਆਈ.ਟੀ.ਆਈ. ਦੋ ਕਮਰਿਆਂ ਵਿੱਚ ਚੱਲ ਰਹੀ ਸੀ, ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਇਮਾਰਤ ਵਿੱਚ ਤਬਦੀਲ ਕਰਵਾਇਆ ਅਤੇ ਪਹਿਲਾਂ ਇਹ ਇਮਾਰਤ ਦੀ ਮੁਰੰਮਤ ਲਈ ਤਿੰਨ ਕਰੋੜ ਰੁਪਏ ਜਾਰੀ ਕੀਤੇ ਜਿਸ ਨਾਲ ਇਹ ਇਮਾਰਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ 12.27 ਕਰੋੜ ਰੁਪਏ ਨਾਲ ਨਵੀਂ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਕਰੀਬ 15 ਕਰੋੜ ਰੁਪਏ ਨਾਲ ਇਹ ਆਈਟੀ ਆਈ ਧੂਰੀ ਅਤੇ ਨਾਲ ਲੱਗਦੇ ਵੱਡੇ ਖੇਤਰ ਤੇ ਬੱਚਿਆਂ ਵਿੱਚ ਹੁਨਰ ਦਾ ਵਿਕਾਸ ਕਰਵਾਏਗੀ।
ਇਸ ਮੌਕੇ ਐਸ.ਡੀ.ਐਮ ਰਿਸ਼ਭ ਬਾਂਸਲ, ਏ.ਆਰ ਸ਼ਰਮਾ, ਬਲਵੰਤ ਸਿੰਘ, ਸੋਨੀ ਮੰਡੇਰ, ਰਮਨਦੀਪ ਸਿੰਘ, ਰਛਪਾਲ ਸਿੰਘ ਭੁਲਰਹੇੜੀ, ਹਰਜਿੰਦਰ ਸਿੰਘ ਕਾਂਝਲਾ, ਅੰਮ੍ਰਿਤਪਾਲ ਸਿੰਘ ਘਨੌਰੀ ਕਲਾਂ, ਭੁਪਿੰਦਰ ਸਿੰਘ, ਸ਼ਾਮ ਸਿੰਗਲਾ, ਬਲਜੀਤ ਕੌਰ, ਅਮਰੀਕ ਸਿੰਘ, ਅਮਰਦੀਪ ਸਿੰਘ ਧਾਂਦਰਾ, ਲਾਭ ਸਿੰਘ, ਪਰਮਿੰਦਰ ਸਿੰਘ ਪੁਨੂੰ, ਗੁਰਿੰਦਰ ਕੌਰ, ਬਲਦੇਵ ਸਿੰਘ, ਸੁਖਪਾਲ ਸਿੰਘ ਪਾਲਾ, ਅਜੈਬ ਸਿੰਘ, ਮਿਲਖ ਰਾਜ, ਵੀਰਭਾਨ, ਨਰੇਸ਼ ਸਿੰਗਲਾ ਸਮੇਤ ਵੱਡੀ ਗਿਣਤੀ ਵਿਦਿਆਰਥੀ ਅਤੇ ਇਲਾਕਾ ਨਿਵਾਸੀ ਮੌਜੂਦ ਸਨ।







