ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਅਗਸਤ 11
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਵੱਲੋਂ ਰੱਖਿਆ ਇਜਲਾਸ ਗੁਰਦੁਆਰਾ ਬੁਰਜ ਅਕਾਲੀ ਫੁੱਲਾ ਸਿੰਘ ਵਿਖੇ ਹੋਇਆ। ਇਸ ਵਿੱਚ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਅਤੇ ਸੰਗਠਨਾਤਮਕ ਢਾਂਚੇ ਦਾ ਫੈਸਲਾ ਲੈਣ ‘ਤੇ ਫੈਸਲਾਕੁੰਨ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਇਜਲਾਸ ਸਮੇਂ ਪੰਜ ਮੈਂਬਰੀ ਕਮੇਟੀ ਮੈਂਬਰ ਪਹੁੰਚੇ ਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਮ ਦਾ ਐਲਾਨ ਕੀਤਾ। ਇਜਲਾਸ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ , ਬੀਬੀ ਸਤਵੰਤ ਕੌਰ , ਭਾਈ ਗੋਬਿੰਦ ਸਿੰਘ ਲੋਂਗੋਵਾਲ, ਮਨਪ੍ਰੀਤ ਸਿੰਘ ਇਆਲੀ , ਗੁਰਪ੍ਰਤਾਪ ਸਿੰਘ ਵਡਾਲਾ ਆਦਿ ਵੱਡੀ ਗਿਣਤੀ ਵਿਚ ਡੈਲੀਗੇਟ ਅਤੇ ਸਮਰੱਥਕ ਪਹੁੰਚ ਚੁੱਕੇ ਹਨ।
ਇਜਲਾਸ ਸ਼ੁਰੂ ਹੋਣ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਨਾਂ ਬਾਬਾ ਸਰਬਜੋਤ ਸਿੰਘ ਬੇਦੀ ਨੇ ਪੇਸ਼ ਕੀਤਾ ਤੇ ਇਸ ਦੀ ਭਾਈ ਗੋਬਿੰਦ ਸਿੰਘ ਲੋਗੋਵਾਲ ਤੇ ਸੁੱਚਾ ਸਿੰਘ ਛੋਟੇਪੁਰ ਨੇ ਤਾਇਦ ਮਜੀਦ ਕੀਤੀ। ਸਮੁੱਚੇ ਡੈਲੀਗੇਟ ਤੇ ਹਾਊਸ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪ੍ਰਧਾਨ ਲਈ ਪੇਸ਼ ਹੋਣ ਉਤੇ ਅਤੇ ਉਸ ਦੀ ਤਾਇਦ ਮਜੀਦ ਹੋਣ ਅਤੇ ਕਿਸੇ ਹੋਰ ਦਾ ਨਾਮ ਨਾ ਪੇਸ਼ ਹੋਣ ਉਤੇ ਜੈਕਾਰਿਆਂ ਦੀ ਗੂੰਜ ਵਿੱਚ ਉਨ੍ਹਾਂ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਗਠਨ ਵਿੱਚ ਪੰਥਕ ਕੌਂਸਲ ਦਾ ਵੀ ਗਠਨ ਕੀਤਾ ਗਿਆ ਜਿਸ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਨੂੰ ਨਿਯੁਕਤ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਇਸਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਾਜਨੀਤਿਕ ਭਵਿੱਖ ‘ਤੇ ਵੀ ਵੱਡਾ ਪ੍ਰਭਾਵ ਪੈ ਸਕਦਾ ਹੈ।