View in English:
May 20, 2024 11:53 pm

ਕੈਬਨਿਟ ਮੰਤਰੀ ਜਿੰਪਾ ਨੇ ਦੁਸਹਿਰਾ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਫੈਕਟ ਸਮਾਚਾਰ ਸੇਵਾ

ਹੁਸ਼ਿਆਰਪੁਰ, ਅਕਤੂਬਰ 4

ਪੂਰੇ ਉੱਤਰੀ ਭਾਰਤ ਵਿਚ ਪ੍ਰਸਿੱਧ ਹੁਸ਼ਿਆਰਪੁਰ ਵਿਖੇ ਮਨਾਇਆ ਜਾਣ ਵਾਲਾ ਦੁਸਹਿਰੇ ਦਾ ਤਿਉਹਾਰ ਇਸ ਵਾਰ ਵੀ ਭਲਕੇ 5 ਅਕਤੂਬਰ ਨੂੰ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਅਤੇ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ.ਐਸ.ਪੀ. ਸਰਤਾਜ ਸਿੰਘ ਚਾਹਲ, ਸ਼੍ਰੀ ਰਾਮ ਲੀਲਾ ਕਮੇਟੀ ਦੇ ਅਹੁਦੇਦਾਰਾਂ ਤੇ ਹੋਰਨਾਂ ਅਧਿਕਾਰੀਆਂ ਸਮੇਤ ਦੁਸਹਿਰਾ ਗਰਾਊਂਡ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ।

ਇਸ ਦੌਰਾਨ ਉਨ੍ਹਾਂ ਸਟੇਜ, ਸਫ਼ਾਈ, ਟ੍ਰੈਫਿਕ ਵਿਵਸਥਾ, ਸੀ.ਸੀ.ਟੀ.ਵੀ. ਕੈਮਰਿਆਂ, ਸੁਖਾਵੀਂ ਐਂਟਰੀ, ਸੁਰੱਖਿਆ ਵਿਵਸਥਾ, ਮੈਡੀਕਲ ਕੈਂਪ, ਐਂਬੂਲੈਂਸਾਂ, ਫਾਇਰ ਬ੍ਰਿਗੇਡ, ਆਦਿ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਮੁਚੀ ਗਰਾਊਂਡ ਦਾ ਦੌਰਾ ਕਰਦਿਆਂ ਉਥੇ ਲੱਗੇ ਸਟਾਲਾਂ ਅਤੇ ਝੂਲਿਆਂ ਆਦਿ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਗਰਾਊਂਡ ਵਿਚ ਪਾਣੀ ਦੇ ਛਿੜਕਾਅ ਅਤੇ ਫੌਗਿੰਗ ਕਰਨ ਦੇ ਨਿਰਦੇਸ਼ ਵੀ ਦਿੱਤੇ ਅਤੇ ਕਿਹਾ ਕਿ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦਾ ਦੁਸਹਿਰਾ ਬਹੁਤ ਪ੍ਰਸਿੱਧ ਹੈ ਅਤੇ ਹਜ਼ਾਰਾਂ ਲੋਕ ਦੂਰੋਂ-ਨੇੜਿਓਂ ਇਸ ਨੂੰ ਦੇਖਣ ਲਈ ਪਹੁੰਚਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਸ ਦੁਸਹਿਰਾ ਸਮਾਗਮ ਵਿਚ ਸ਼ਮੂਲੀਅਤ ਕਰਨ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਇਸ ਮੌਕੇ ਕਿਹਾ ਕਿ ਸਮਾਗਮ ਦੌਰਾਨ ਲੋਕਾਂ ਦੀ ਭਰਵੀਂ ਸ਼ਮੂਲੀਅਤ ਨੂੰ ਦੇਖਦਿਆਂ ਵੱਡੇ ਪੱਧਰ ’ਤੇ ਇੰਤਜ਼ਾਮ ਕੀਤੇ ਗਏ ਹਨ ਅਤੇ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਇਸ ਮੌਕੇ ਦੱਸਿਆ ਕਿ ਸਮਾਗਮ ਦੌਰਾਨ ਸੁਰੱਖਿਆ, ਬੈਰੀਕੇਡਿੰਗ ਅਤੇ ਸੁਚਾਰੂ ਟ੍ਰੈਫਿਕ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਐਸ.ਪੀ. ਮਨਜੀਤ ਕੌਰ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਚੇਅਰਮੈਨ ਰਾਮ ਲੀਲਾ ਕਮੇਟੀ ਸ਼ਿਵ ਸੂਦ, ਪ੍ਰਧਾਨ ਗੋਪੀ ਚੰਦ ਕਪੂਰ, ਜਨਰਲ ਸਕੱਤਰ ਪ੍ਰਦੀਪ ਹਾਂਡਾ ਤੇ ਬਿੰਦੂਸਾਰ ਸ਼ੁਕਲਾ ਮੌਜੂਦ ਸਨ।

Leave a Reply

Your email address will not be published. Required fields are marked *

View in English