ਫੈਕਟ ਸਮਾਚਾਰ ਸੇਵਾ
ਕੈਥਲ , ਅਕਤੂਬਰ 12
ਕੈਥਲ ਦੇ ਪਿੰਡ ਮੁੰਦੜੀ ਨੇੜੇ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਕਾਰ ਬੇਕਾਬੂ ਹੋ ਕੇ ਸਿਰਸਾ ਬ੍ਰਾਂਚ ਨਹਿਰ ਵਿੱਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਚਾਰ ਔਰਤਾਂ, ਤਿੰਨ ਬੱਚੇ ਅਤੇ ਕਾਰ ਚਾਲਕ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਰਿਵਾਰ ਪਿੰਡ ਡੀਂਗ ਦਾ ਵਸਨੀਕ ਸੀ ਅਤੇ ਉਹ ਪੁੰਡਰੀ ਤੋਂ ਕੈਥਲ ਵੱਲ ਆ ਰਿਹਾ ਸੀ। ਇਹ ਹਾਦਸਾ ਸਵੇਰੇ ਕਰੀਬ ਸਾਢੇ 9 ਵਜੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ ਅਤੇ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਸਾਰਿਆਂ ਨੂੰ ਕਾਰ ‘ਚੋਂ ਬਾਹਰ ਕੱਢ ਕੇ ਕੈਥਲ ਦੇ ਸਿਵਲ ਹਸਪਤਾਲ ਪਹੁੰਚਾਇਆ। ਹਾਲਾਂਕਿ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਸਾਰੇ 7 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਦਰਦਨਾਕ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਪਿੰਡ ਗੂਹਣਾ ਵਿੱਚ ਹੋਣ ਵਾਲੇ ਮੇਲੇ ਵਿੱਚ ਜਾ ਰਹੇ ਸਨ। ਜਦੋਂ ਉਹ ਪੁੰਡਰੀ ਤੋਂ ਕੈਥਲ ਵੱਲ ਜਾ ਰਹੀ ਮੁੰਦੜੀ ਨਹਿਰ ਕੋਲ ਪੁੱਜੇ ਤਾਂ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ।ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਕਾਰ ਚਾਲਕ ਸਮੇਤ ਕਾਰ ਵਿੱਚ ਸਵਾਰ ਔਰਤਾਂ ਅਤੇ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ।