ਫੈਕਟ ਸਮਾਚਾਰ ਸੇਵਾ
ਦਿੱਲੀ, ਸਤੰਬਰ 16
ਪੱਛਮੀ ਬੰਗਾਲ ਦੇ ਗੰਗਾ ਤੱਟੀ ਖੇਤਰ ਅਤੇ ਨਾਲ ਲੱਗਦੇ ਬੰਗਲਾਦੇਸ਼ ‘ਤੇ ਡੂੰਘੇ ਦਬਾਅ ਕਾਰਨ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ ਵਿੱਚ ਕਈ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਇਸ ਦਬਾਅ ਕਾਰਨ ਅੱਜ ਵੀ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਅਨੁਸਾਰ ਬੰਗਾਲ ਦੇ ਗੰਗਾ ਤੱਟੀ ਖੇਤਰ ਉੱਤੇ ਬਣਿਆ ਡੂੰਘਾ ਦਬਾਅ ਹੌਲੀ-ਹੌਲੀ ਪੱਛਮ ਵੱਲ ਵਧ ਰਿਹਾ ਹੈ। ਇਹ ਦਬਾਅ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ ਅਤੇ ਅੱਜ ਸਿਰਫ ਘੱਟ ਦਬਾਅ ਵਿੱਚ ਬਦਲ ਜਾਵੇਗਾ। ਦਬਾਅ ਦਾ ਇਹ ਖੇਤਰ ਹੌਲੀ-ਹੌਲੀ ਝਾਰਖੰਡ ਅਤੇ ਉੱਤਰੀ ਛੱਤੀਸਗੜ੍ਹ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੂਰਬੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ।
ਉੱਥੇ ਹੀ ਛੱਤੀਸਗੜ੍ਹ, ਬਿਹਾਰ, ਝਾਰਖੰਡ, ਓਡੀਸ਼ਾ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਉੜੀਸਾ ਅਤੇ ਉੱਤਰ-ਪੂਰਬੀ ਰਾਜਾਂ ਦੇ ਕਈ ਹਿੱਸਿਆਂ ਵਿੱਚ 20 ਸਤੰਬਰ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ।
ਰਾਜਸਥਾਨ ‘ਚ ਭਾਰੀ ਮੀਂਹ ਦਾ ਦੌਰ ਰੁਕ ਗਿਆ ਹੈ ਅਤੇ ਪਿਛਲੇ 24 ਘੰਟਿਆਂ ‘ਚ ਇਕ-ਦੋ ਥਾਵਾਂ ‘ਤੇ ਹਲਕੀ ਬਾਰਿਸ਼ ਹੋਈ ਹੈ। ਜੈਪੁਰ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਐਤਵਾਰ ਸਵੇਰੇ 8.30 ਵਜੇ ਤੱਕ 24 ਘੰਟਿਆਂ ਵਿੱਚ ਪੂਰਬੀ ਰਾਜਸਥਾਨ ਵਿੱਚ ਕੁਝ ਥਾਵਾਂ ‘ਤੇ ਗਰਜ ਨਾਲ ਹਲਕੀ ਬਾਰਿਸ਼ ਹੋਈ। ਪੱਛਮੀ ਰਾਜਸਥਾਨ ‘ਚ ਮੌਸਮ ਮੁੱਖ ਤੌਰ ‘ਤੇ ਖੁਸ਼ਕ ਰਿਹਾ। ਅਗਲੇ ਦੋ-ਤਿੰਨ ਦਿਨਾਂ ਤੱਕ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ ‘ਚ 18 ਸਤੰਬਰ ਤੋਂ ਮੌਸਮ ਫਿਰ ਖਰਾਬ ਹੋਵੇਗਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 18 ਸਤੰਬਰ ਨੂੰ ਭਾਰੀ ਬਾਰਿਸ਼ ਦਾ ਪੀਲਾ ਅਲਰਟ ਜਾਰੀ ਕੀਤਾ ਹੈ। ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹੇਗਾ। ਸੂਬੇ ‘ਚ 21 ਸਤੰਬਰ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।