View in English:
October 22, 2024 2:36 am

ਉਦਯੋਗਪਤੀਆਂ ਦੀ ਸਲਾਹ ਨਾਲ ਪੰਜਾਬ ਵਿੱਚ ਸਨਅਤ ਪੱਖੀ ਨੀਤੀਆਂ ਲਾਗੂ ਕਰਾਂਗੇ : ਸੌਂਦ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਕਤੂਬਰ 21

ਪੰਜਾਬ ਦੇ ਉਦਯੋਗ ਤੇ ਵਣਜ, ਪੂੰਜੀ ਨਿਵੇਸ਼, ਕਿਰਤ ਅਤੇ ਸੈਰ ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ) ਦੇ ਪ੍ਰੋਗਰਾਮ ਵਿੱਚ ਸਨਅਤਕਾਰ ਮਿਲਣੀ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਉਨ੍ਹਾਂ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਸਨਅਤ ਪੱਖੀ ਨੀਤੀਆਂ ਸਨਅਤਕਾਰਾਂ ਦੀ ਸਲਾਹ ਨਾਲ ਲਾਗੂ ਕੀਤੀਆਂ ਜਾਣਗੀਆਂ ਤਾਂ ਜੋ ਉਦਯੋਗਪਤੀ ਬਿਨਾਂ ਕਿਸੇ ਖੱਜਲ ਖੁਆਰੀ ਦੇ ਕੰਮਕਾਰ ਕਰ ਸਕਣ।

ਸੀਆਈਆਈ ਦੇ ਸੈਕਟਰ 31 ਵਿਚਲੇ ਦਫਤਰ ਵਿੱਚ ਆਪਣੇ ਸੰਬੋਧਨ ਦੌਰਾਨ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਉਦਯੋਗਾਂ ਦੀ ਤਰੱਕੀ ਲਈ ਗੰਭੀਰ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਨਵੈਸਟ ਪੰਜਾਬ ਦੇ ਪੋਰਟਲ ਨੂੰ ਬਾਕੀ ਸਬੰਧਤ ਵਿਭਾਗਾਂ ਦੀਆਂ ਵੈੱਬਸਾਈਟਾਂ ਨਾਲ ਲਿੰਕ ਕਰ ਰਹੇ ਹਾਂ ਤਾਂ ਜੋ ਵੱਖ ਵੱਖ ਤਰ੍ਹਾਂ ਦੀਆਂ ਪ੍ਰਵਾਨਗੀਆਂ ਲੈਣ ਵਿੱਚ ਸਨਅਤਕਾਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ।

ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲ ਵਿੱਚ ਪੰਜਾਬ ‘ਚ 88 ਹਜ਼ਾਰ ਕਰੋੜ ਰੁਪਏ ਦੇ ਕਰੀਬ ਨਿਵੇਸ਼ ਆ ਚੁੱਕਾ ਹੈ ਅਤੇ ਇਹ ਗਤੀ ਤੇਜ਼ੀ ਨਾਲ ਜਾਰੀ ਹੈ। ਸੌਂਦ ਨੇ ਕਿਹਾ ਕਿ ਨਿਵੇਸ਼ ਲਈ ਪੰਜਾਬ ਦੀਆਂ ਨੀਤੀਆਂ ਦੇਸ਼ ਭਰ ਵਿੱਚ ਅਵੱਲ ਦਰਜੇ ਦੀਆਂ ਹਨ। ਉਨ੍ਹਾਂ ਉਦਯੋਗਪਤੀਆਂ ਨੂੰ ਪੰਜਾਬ ਦੀ ਉੱਨਤੀ ਵਿੱਚ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਉਦਯੋਗ ਨੂੰ ਸੂਬੇ ਵਿੱਚੋਂ ਬਾਹਰ ਨਹੀਂ ਜਾਣ ਦੇਵੇਗੀ ਅਤੇ ਸਨਅਤਕਾਰਾਂ ਦੀਆਂ ਸਭ ਜ਼ਰੂਰਤਾਂ ਪੂਰੀਆਂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ‘ਚ ਮੋਹਾਲੀ ਨੂੰ ਆਈਟੀ ਇੰਡਸਟਰੀ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਉੱਤੇ ਲੈ ਕੇ ਜਾਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਉਦਯੋਗਪਤੀਆਂ ਨੇ ਕਈ ਸਲਾਹਾਂ ਵੀ ਦਿੱਤੀਆਂ ਅਤੇ ਆਪਣੀਆਂ ਮੁਸ਼ਕਿਲਾਂ ਵੀ ਉਦਯੋਗ ਮੰਤਰੀ ਨਾਲ ਸਾਂਝੀਆਂ ਕੀਤੀਆਂ। ਸੌਂਦ ਨੇ ਕਿਹਾ ਕਿ ਸੀਆਈਆਈ ਦੇ ਨੁਮਾਇੰਦਿਆਂ ਵੱਲੋਂ ਦਿੱਤੀਆਂ ਸਲਾਹਾਂ ਨੂੰ ਸਰਕਾਰ ਗੰਭੀਰਤਾ ਨਾਲ ਲੈਂਦੀ ਹੈ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਦੂਰ ਕਰਨ ਲਈ ਵਚਨਬੱਧ ਹਾਂ। ਕੁਝ ਨੀਤੀਆਂ, ਸੁਝਾਅ ਅਤੇ ਉਦਯੋਗਪਤੀਆਂ ਦੀਆਂ ਮੰਗਾਂ ਬਾਬਤ ਸੌਂਦ ਨੇ ਕਿਹਾ ਕਿ ਸਬੰਧਤ ਮੁੱਦਿਆਂ ਉੱਤੇ ਮੁੱਖ ਮੰਤਰੀ ਸਾਬ੍ਹ ਨਾਲ ਗੱਲ ਕਰਕੇ ਜਲਦ ਪੂਰਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਰੀ ਟੀਮ “ਸਰਕਾਰ ਤੁਹਾਡੇ ਦੁਆਰ” ਸਕੀਮ ਰਾਹੀਂ ਲੋਕਾਂ ਦੀਆਂ ਮੁਸ਼ਕਿਲਾਂ ਉਨ੍ਹਾਂ ਦੇ ਕੋਲ ਜਾ ਕੇ ਸੁਣਦੀ ਹੈ ਅਤੇ ਇਹੀ ਨੀਤੀ ਉਦਯੋਗਾਂ ਉੱਤੇ ਵੀ ਲਾਗੂ ਕਰਾਂਗੇ ਅਤੇ ਉਦਯੋਗਪਤੀਆਂ ਨੂੰ ਆਪਣੀਆਂ ਸਮੱਸਿਆਂਵਾਂ ਲੈਕੇ ਸਰਕਾਰੀ ਦਫ਼ਤਰਾਂ ਵਿੱਚ ਆਉਣ ਦੀ ਲੋੜ ਨਹੀਂ ਪਵੇਗੀ। ਸਰਕਾਰ ਖੁਦ ਉਨ੍ਹਾਂ ਕੋਲ ਜਾਕੇ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ। ਉਨ੍ਹਾਂ ਨੇ ਸੀਆਈਆਈ ਦੇ ਸਾਰੇ ਮੈਂਬਰਾਂ ਨੂੰ ਪੰਜਾਬ ਦੇ ਬ੍ਰਾਂਡ ਅੰਬੈਸਡਰ ਬਣਕੇ ਸੂਬੇ ‘ਚ ਵੱਧ ਤੋਂ ਵੱਧ ਨਿਵੇਸ਼ ਲਿਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਉਦਯੋਗਪਤੀਆਂ ਨੂੰ ਕਿਰਤ ਵਿਭਾਗ ਦੀਆਂ ਕਰਮਚਾਰੀ ਪੱਖੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਦੀਆਂ ਅਜਿਹੀਆਂ ਬਹੁਤ ਸਾਰੀਆਂ ਸਕੀਮਾਂ ਹਨ ਜਿਨ੍ਹਾਂ ਦਾ ਫਾਇਦਾ ਉਦਯੋਗਪਤੀ ਲੈ ਸਕਦੇ ਹਨ।

ਇਸ ਤੋਂ ਪਹਿਲਾਂ ਸੀਆਈਆਈ ਪੰਜਾਬ ਦੇ ਚੇਅਰਮੈਨ ਅਭਿਸ਼ੇਕ ਗੁਪਤਾ ਨੇ ਉਦਯੋਗ ਮੰਤਰੀ ਦਾ ਸਵਾਗਤ ਕੀਤਾ ਅਤੇ ਉਦਯੋਗਾਂ ਦੀ ਉੱਨਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ। ਮੀਟਿੰਗ ਵਿੱਚ ਸੂਬੇ ਭਰ ਦੇ ਨਾਮੀਂ ਸਨਅਤਕਾਰਾਂ ਤੋਂ ਇਲਾਵਾ ਇਨਵੈਸਟ ਪੰਜਾਬ ਦੇ ਸੀਈਓ ਡੀਪੀਐਸ ਖਰਬੰਦਾ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਐਮ ਡੀ ਵਰਿੰਦਰ ਕੁਮਾਰ ਸ਼ਰਮਾ, ਕਿਰਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਮਨਵੇਸ਼ ਸਿੰਘ ਸਿੱਧੂ ਤੋਂ ਇਲਾਵਾ ਸੀਆਈਆਈ ਪੰਜਾਬ ਦੇ ਵਾਈਸ ਚੇਅਰਮੈਨ ਅਮਿਤ ਜੈਨ ਹਾਜ਼ਿਰ ਸਨ।

Leave a Reply

Your email address will not be published. Required fields are marked *

View in English