ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਰੌਬਿਨ ਸਮਿਥ ਦਾ ਦਿਹਾਂਤ

ਫੈਕਟ ਸਮਾਚਾਰ ਸੇਵਾ

ਲੰਡਨ, ਦਸੰਬਰ 3

ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਰੌਬਿਨ ਸਮਿਥ ਦਾ 62 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਇੰਗਲਿਸ਼ ਕ੍ਰਿਕਟ ਬੋਰਡ ਨੇ ਉਨ੍ਹਾਂ ਦੀ ਮੌਤ ਦਾ ਐਲਾਨ ਕੀਤਾ। ਇੰਗਲਿਸ਼ ਬੋਰਡ ਨੇ ਲਿਖਿਆ ਕਿ ਉਹ ਆਪਣੇ ਸਮੇਂ ਤੋਂ ਅੱਗੇ ਦਾ ਬੱਲੇਬਾਜ਼ ਸੀ। 1993 ਦੇ ਐਜਬੈਸਟਨ ਵਨਡੇ ਵਿਚ ਆਸਟ੍ਰੇਲੀਆ ਵਿਰੁੱਧ 167 ਦੌੜਾਂ ਦੀ ਨਾਬਾਦ ਯਾਦਗਾਰੀ ਪਾਰੀ ਇਸ ਦੀ ਇਕ ਪ੍ਰਮੁੱਖ ਉਦਾਹਰਣ ਹੈ।

ਸਮਿਥ 1980 ਅਤੇ 1990 ਦੇ ਦਹਾਕੇ ਵਿਚ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਜਿਵੇਂ ਕਿ ਕਰਟਲੀ ਐਂਬਰੋਜ਼, ਕੋਰਟਨੀ ਵਾਲਸ਼, ਮੈਲਕਮ ਮਾਰਸ਼ਲ ਅਤੇ ਪੈਟਰਿਕ ਪੈਟਰਸਨ ਦਾ ਦਲੇਰੀ ਨਾਲ ਸਾਹਮਣਾ ਕਰਨ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਸਾਥੀ ਬੱਲੇਬਾਜ਼ ਅਕਸਰ ਇਸ ਗੇਂਦਬਾਜ਼ੀ ਹਮਲੇ ਦੇ ਵਿਰੁੱਧ ਅਸਫਲ ਰਹਿੰਦੇ ਸਨ। ਸੱਜੇ ਹੱਥ ਦੇ ਸਮਿਥ ਨੇ 1988 ਅਤੇ 1996 ਦੇ ਵਿਚਕਾਰ 62 ਟੈਸਟ ਮੈਚ ਖੇਡੇ। 43.67 ਦੀ ਔਸਤ ਨਾਲ 4236 ਦੌੜਾਂ ਬਣਾਈਆਂ। ਉਸ ਸਮੇਂ ਦੌਰਾਨ ਅੰਗਰੇਜ਼ੀ ਕ੍ਰਿਕਟ ‘ਤੇ ਉਨ੍ਹਾਂ ਦਾ ਪ੍ਰਭਾਵ ਉਨ੍ਹਾਂ ਦੇ ਅੰਕੜਿਆਂ ਤੋਂ ਕਿਤੇ ਵੱਧ ਸੀ।

ਇੰਗਲੈਂਡ ਕ੍ਰਿਕਟ ਬੋਰਡ ਦੇ ਚੇਅਰਮੈਨ ਰਿਚਰਡ ਥੌਮਸਨ ਨੇ ਕਿਹਾ‌ ਕਿ ਰੌਬਿਨ ਸਮਿਥ ਇਕ ਅਜਿਹਾ ਖਿਡਾਰੀ ਸੀ, ਜਿਸ ਨੇ ਦੁਨੀਆ ਦੇ ਕੁਝ ਸਭ ਤੋਂ ਤੇਜ਼ ਗੇਂਦਬਾਜ਼ਾਂ ਦਾ ਵਿਸ਼ਵਾਸ ਨਾਲ ਸਾਹਮਣਾ ਕੀਤਾ। ਉਨ੍ਹਾਂ ਦੀ ਬੱਲੇਬਾਜ਼ੀ ਨੇ ਅੰਗਰੇਜ਼ੀ ਪ੍ਰਸ਼ੰਸਕਾਂ ਨੂੰ ਬਹੁਤ ਮਾਣ ਦਿਵਾਇਆ।

Leave a Reply

Your email address will not be published. Required fields are marked *

View in English