ਫੈਕਟ ਸਮਾਚਾਰ ਸੇਵਾ
ਆਸਟ੍ਰੇਲੀਆ, ਮਾਰਚ 5
ਚੈਂਪੀਅਨਜ਼ ਟਰਾਫ਼ੀ 2025 ਦੇ ਸੈਮੀਫ਼ਾਈਨਲ ਵਿਚ ਭਾਰਤ ਤੋਂ ਹਾਰ ਤੋਂ ਬਾਅਦ ਆਸਟ੍ਰੇਲੀਆਈ ਕ੍ਰਿਕਟ ਟੀਮ ਨੂੰ ਇਕ ਹੋਰ ਝਟਕਾ ਲੱਗਾ ਹੈ। ਟੂਰਨਾਮੈਂਟ ਵਿਚ ਟੀਮ ਦੀ ਅਗਵਾਈ ਕਰਨ ਵਾਲੇ ਸਟੀਵ ਸਮਿਥ ਨੇ ਇਕ ਦਿਨਾਂ ਕ੍ਰਿਕਟ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਹੈ। ਕ੍ਰਿਕਟ ਆਸਟ੍ਰੇਲੀਆ ਨੇ ਅੱਜ ਇਸ ਦਾ ਐਲਾਨ ਕੀਤਾ।
ਪੈਟ ਕਮਿੰਸ ਦੀ ਗੈਰ-ਹਾਜ਼ਰੀ ਵਿਚ ਸਮਿਥ ਟੀਮ ਦੀ ਅਗਵਾਈ ਕਰ ਰਹੇ ਸਨ। ਉਹ ਟੈਸਟ ਮੈਚ ਖੇਡਣਾ ਜਾਰੀ ਰੱਖਣਗੇ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਲੰਬੇ ਸਮੇਂ ਤੋਂ ਉਹ ਟੀਮ ਤੋਂ ਬਾਹਰ ਹਨ। ਜਾਣਕਾਰੀ ਅਨੁਸਾਰ ਕੱਲ੍ਹ ਦੇ ਮੈਚ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਆਪਣੇ ਸਾਥੀਆਂ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਸੀ ਕਿ ਉਨ੍ਹਾਂ ਅੱਜ ਆਪਣਾ ਆਖ਼ਰੀ ਇਕ ਦਿਨਾਂ ਮੈਚ ਖੇਡਿਆ ਹੈ। ਸਮਿਥ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਯਾਤਰਾ ਰਹੀ ਹੈ ਅਤੇ ਮੈਂ ਇਸ ਦੇ ਹਰ ਪਲ ਦਾ ਆਨੰਦ ਮਾਣਿਆ ਹੈ। ਬਹੁਤ ਸਾਰੇ ਸ਼ਾਨਦਾਰ ਪਲ ਅਤੇ ਸ਼ਾਨਦਾਰ ਯਾਦਾਂ ਰਹੀਆਂ ਹਨ। ਦੋ ਵਿਸ਼ਵ ਕੱਪ ਜਿੱਤਣਾ ਇਕ ਸ਼ਾਨਦਾਰ ਪ੍ਰਾਪਤੀ ਸੀ। ਇਹ ਸੰਨਿਆਸ ਲੈਣ ਦਾ ਸਹੀ ਸਮਾਂ ਜਾਪਦਾ ਹੈ।