ਫੈਕਟ ਸਮਾਚਾਰ ਸੇਵਾ
ਪਟਿਆਲਾ , ਜਨਵਰੀ 10
ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਅਤੇ ਵਾਰਡ ਨੰਬਰ 30 ਤੋਂ ਕੌਂਸਲਰ ਕੁੰਦਨ ਗੋਗੀਆ ਪਟਿਆਲਾ ਦੇ ਮੇਅਰ ਚੁਣੇ ਗਏ ਹਨ। ਇਸਦੇ ਨਾਲ ਹੀ ਵਾਰਡ ਨੰਬਰ 23 ਤੋਂ ਕੌਂਸਲਰ ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਹਲਕਾ ਦਿਹਾਤੀ ਤੋਂ ਵਾਰਡ ਨੰਬਰ 11 ਤੋਂ ਕੌਂਸਲਰ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ।
ਨਗਰ ਨਿਗਮ ਵਿਚ ਪਟਿਆਲਾ ਦੇ 60 ਵਾਰਡਾਂ ਵਿਚੋਂ 53 ਦੀ ਹੋਈ ਚੋਣ ਵਿਚ 43 ਵਾਰਡਾਂ ਵਿਚ ਆਮ ਆਦਮੀ ਪਾਰਟੀ, 04 ਕਾਂਗਰਸ, 4 ਭਾਜਪਾ ਤੇ 2 ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਜਿੱਤ ਹਾਸਲ ਕੀਤੀ। ਜਿਨ੍ਹਾਂ ਨੂੰ ਅੱਜ ਡਵੀਜ਼ਨਲ ਕਮਿਸ਼ਨਰ ਦਲਜੀਤ ਮਾਂਗਟ ਵਲੋ ਸਹੁੰ ਚੁਕਵਾਈ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸਿਹਤ ਮੰਤਰੀ ਬਲਬੀਰ ਸਿੰਘ ਦੀ ਹਾਜ਼ਰੀ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਨਾਮ ਦਾ ਐਲਾਨ ਕੀਤਾ ਗਿਆ, ਜਿਸ ਦੀ ਸਮੂਹ ਹਾਊਸ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ।