ਫੈਕਟ ਸਮਾਚਾਰ ਸੇਵਾ
ਰਾਜਪੁਰਾ, ਅਪ੍ਰੈਲ 21
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਬਾਨੀ ਅਤੇ ਉੱਚਾ ਦਰ ਬਾਬੇ ਨਾਨਕ ਸੰਸਥਾ ਦੇ ਸੰਸਥਾਪਕ ਸਵਰਗੀ ਜੋਗਿੰਦਰ ਸਿੰਘ ਖ਼ੁਦ ਇੱਕ ਵਿਅਕਤੀ ਨਹੀ ਬਲਕਿ ਇੱਕ ਸੰਸਥਾ ਸਨ। ਪਿੰਡ ਬਪਰੌਰ ਵਿਖੇ ਉੱਚਾ ਦਰ ਬਾਬੇ ਨਾਨਕ ਦਾ ਵਿਖੇ ਜੋਗਿੰਦਰ ਸਿੰਘ ਦੀ ਯਾਦ ਵਿੱਚ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਜੋਗਿੰਦਰ ਸਿੰਘ ਨੇ ਆਪਣੇ ਜੀਉਂਦੇ ਜੀਅ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫ਼ੀ ਨੂੰ ਪ੍ਰਚਾਰਨ ਲਈ ਬਹੁਤ ਅਹਿਮ ਯੋਗਦਾਨ ਪਾਇਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੀਮਤ ਸਾਧਨ ਹੁੰਦੇ ਹੋਏ ਵੀ ਉਨ੍ਹਾਂ ਨੇ ਦ੍ਰਿੜ ਇਰਾਦੇ ਨਾਲ ਇੱਕ ਅਜਿਹੀ ਸੰਸਥਾ ਸਥਾਪਤ ਕੀਤੀ ਜੋ ਰਹਿੰਦੀ ਦੁਨੀਆਂ ਤੱਕ ਬਾਬਾ ਨਾਨਕ ਦੇ ਕਿਰਤ ਕਰੋ ਵੰਡ ਛਕੋ ਅਤੇ ਨਾਮ ਜਪੋ ਦੇ ਸਿਧਾਂਤ ਨੂੰ ਅੱਗੇ ਵਧਾਉਂਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਬਾਬਾ ਨਾਨਕ ਜੀ ਦੇ ਸਿਧਾਂਤ ਤੇ ਸੋਚ ਅਨੁਸਾਰ ਚੱਲਣ ਦੀ ਲੋੜ ਹੈ ਅਤੇ ਇਹ ਸਕੂਨ ਦੀ ਗੱਲ ਹੈ ਕਿ ਮਨੁੱਖਤਾ ਤੇ ਇਨਸਾਨੀਅਤ ਦਾ ਸੰਦੇਸ਼ ਦੇਣ ਲਈ ‘ਉੱਚਾ ਦਰ ਬਾਬੇ ਨਾਨਕ ਦਾ’ ਸੰਸਥਾ ਨਿੱਠ ਕੇ ਕੰਮ ਕਰ ਰਹੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਸਵਰਗੀ ਜੋਗਿੰਦਰ ਸਿੰਘ ਦੀ ਸੋਚ ਉਹਨਾਂ ਵਲੋਂ ਸਥਾਪਿਤ ਕੀਤੀ ਗਈ ਸੰਸਥਾ ਵਿੱਚੋਂ ਨਜ਼ਰ ਆਉਂਦੀ ਹੈ ਅਤੇ ਪਤਾ ਲੱਗਦਾ ਹੈ ਕਿ ਉਹ ਸਿੱਖੀ ਸਿਧਾਂਤਾਂ ਤੇ ਸਿੱਖ ਫ਼ਿਲਾਸਫੀ ਨੂੰ ਸਮਰਪਿਤ ਸ਼ਖ਼ਸੀਅਤ ਸਨ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਬੇਸ਼ੱਕ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਉਨ੍ਹਾਂ ਦੀ ਸੁਪਨਤੀ ਬੀਬਾ ਜਗਜੀਤ ਕੌਰ ਅਤੇ ਸਪੁੱਤਰੀ ਨਿਮਰਤ ਕੌਰ ਨੇ ਜੋਗਿੰਦਰ ਸਿੰਘ ਦੀ ਸੋਚ ਨੂੰ ਅੱਗੇ ਵਧਾਇਆ ਹੈ ਜਿਸ ਕਰਕੇ ਉਹ ਸਦਾ ਅਮਰ ਰਹਿਣਗੇ।
ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ , ਵਿਧਾਇਕ ਰਾਜਪੁਰਾ ਨੀਨਾ ਮਿੱਤਲ, ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਏਡੀਜੀਪੀ ਏ.ਐੱਸ ਰਾਏ, ਐਸ ਡੀ ਐਮ ਅਵਿਕੇਸ਼ ਗੁਪਤਾ ਅਤੇ ਵੱਖ ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਤੇ ਸੰਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ ਨਿਵੇਦਿਤਾ ਸਿੰਘ ਤੇ ਡਾ ਅਲੰਕਾਰ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।