ਫੈਕਟ ਸਮਾਚਾਰ ਸੇਵਾ
ਅਬੋਹਰ , ਜੁਲਾਈ 8
ਸਥਾਨਕ ਠਾਕਰ ਅਬਾਦੀ ਰੋਡ ‘ਤੇ ਅੱਜ ਇਕ ਤੇਜ਼ ਰਫਤਾਰ ਕਾਰ ‘ਚ ਜਾ ਰਹੇ ਕੁਝ ਨੌਜਵਾਨਾਂ ਨੇ ਸੜਕ ‘ਤੇ ਕਈ ਮੋਟਰਸਾਈਕਲਾਂ ਨੂੰ ਕੁਚਲ ਦਿੱਤਾ। ਜਿਸ ਦੌਰਾਨ ਪੈਦਲ ਜਾ ਰਹੀ ਇਕ ਬਜ਼ੁਰਗ ਔਰਤ ਅਤੇ ਇਕ ਲੜਕੀ ਵੀ ਜ਼ਖਮੀ ਹੋ ਗਏ।ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਨੌਜਵਾਨ ਕਾਰ ਛੱਡ ਕੇ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਬੜੀ ਤੇਜੀ ਨਾਲ ਆਈ ਅਤੇ 2 ਮੋਟਰਸਾਈਕਲਾਂ ਨੂੰ ਕੁਚਲਦੇ ਹੋਏ ਬੇਕਾਬੂ ਹੋ ਕੇ ਡੇਅਰੀ ਅੰਦਰ ਜਾ ਵੜੀ। ਜਿਸ ਕਾਰਨ ਡੇਅਰੀ ਚਾਲਕ ਦਾ ਵੀ ਨੁਕਸਾਨ ਹੋਇਆ। ਇਸ ਦੌਰਾਨ ਗੱਡੀ ਵਿੱਚ ਸਵਾਰ ਨੌਜਵਾਨ ਗੱਡੀ ਉੱਥੇ ਹੀ ਛੱਡ ਕੇ ਭੱਜ ਗਏ। ਜਿਸ ਵਿੱਚੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਸੜਕ ਤੇ ਜਾ ਰਹੇ 70 ਸਾਲਾ ਗੁੱਡੀ ਪਤਨੀ ਭਾਰਤੀ ਅਤੇ 13 ਸਾਲਾ ਲੜਕੀ ਖੁਸ਼ੀ ਪੁੱਤਰੀ ਸੁਨੀਲ ਵਾਸੀ ਠੱਕਰ ਅਬਾਦੀ ਵੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੱਡੀ ‘ਚ ਸਵਾਰ ਨੌਜਵਾਨ ਨਸ਼ੇ ਦੀ ਹਾਲਤ ‘ਚ ਸਨ।
ਸੂਚਨਾ ਮਿਲਦੇ ਹੀ ਥਾਣਾ ਸਿਟੀ 2 ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਕ ਨੌਜਵਾਨ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਗੱਡੀ ਡੱਬਵਾਲੀ ਤੋਂ ਕਿਰਾਏ ’ਤੇ ਲਿਆਂਦੀ ਗਈ ਸੀ ਅਤੇ ਉਸ ਨੇ ਅਬੋਹਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣਾ ਸੀ।