ਅਪਲਾਈ ਕਰਨ ਦੀ ਸਮਾਂ-ਸੀਮਾ 30 ਦਿਨ ਤੋਂ ਵਧਾ ਕੇ 60 ਦਿਨ : ਡਾ. ਬਲਜੀਤ ਕੌਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਨਵੰਬਰ 16

ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਲਾਭ ਲੈਣ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਪਲਾਈ ਕਰਨ ਦੀ ਸਮਾਂ-ਸੀਮਾ 30 ਦਿਨ ਤੋਂ ਵਧਾ ਕੇ 60 ਦਿਨ ਕਰ ਦਿੱਤੀ ਗਈ ਹੈ। ਇਸ ਮਹੱਤਵਪੂਰਨ ਫੈਸਲੇ ਨਾਲ ਹੁਣ ਯੋਗ ਪਰਿਵਾਰ ਆਸਾਨੀ ਨਾਲ ਦਸਤਾਵੇਜ਼ੀ ਕਾਰਵਾਈ ਪੂਰੀ ਕਰਕੇ ਸਕੀਮ ਦਾ ਲਾਭ ਲੈ ਸਕਣਗੇ, ਜਿਸ ਨਾਲ ਕੋਈ ਵੀ ਪਰਿਵਾਰ ਸਹਾਇਤਾ ਤੋਂ ਵਾਂਝਾ ਨਹੀਂ ਰਹੇਗਾ।

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਫੈਸਲਾ ਸਰਕਾਰ ਦੇ ਲੋਕ-ਹਿਤੈਸ਼ੀ ਅਤੇ ਜਨ-ਸੇਵਾ ਮੁੱਖ ਦ੍ਰਿਸ਼ਟੀਕੋਣ ਦਾ ਸਪਸ਼ਟ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਵੀਂ ਤਕਨੀਕ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਵਿਆਹ ਦੀਆਂ ਰਸਮਾਂ ਅਤੇ ਤਿਆਰੀਆਂ ਦੌਰਾਨ ਕਈ ਵਾਰ ਪਰਿਵਾਰਾਂ ਕੋਲ ਸਮਾ ਘੱਟ ਰਹਿ ਜਾਂਦਾ ਹੈ, ਜਿਸ ਕਾਰਨ ਉਹ ਪਹਿਲਾਂ 30 ਦਿਨ ਦੀ ਸੀਮਾ ਵਿੱਚ ਅਪਲਾਈ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ। ਹੁਣ ਨਵੀਂ ਸਮਾਂ-ਸੀਮਾ 60 ਦਿਨ ਹੋਣ ਨਾਲ ਇਹ ਮੁਸ਼ਕਿਲ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ ਅਤੇ ਵੱਧ ਤੋਂ ਵੱਧ ਯੋਗ ਪਰਿਵਾਰ ਸਕੀਮ ਦਾ ਲਾਭ ਲੈ ਸਕਣਗੇ।

ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨਾਗਰਿਕਾਂ ਲਈ ਵਧੀਆ ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਲਗਾਤਾਰ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਅਸ਼ੀਰਵਾਦ ਸਕੀਮ ਦੀ ਸਮਾਂ-ਸੀਮਾ ਵਧਾਉਣਾ ਵੀ ਇਸੇ ਜਨ-ਕੇਂਦ੍ਰਿਤ ਯਤਨ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਅਸ਼ੀਰਵਾਦ ਸਕੀਮ ਦਾ ਮੁੱਖ ਉਦੇਸ਼ ਯੋਗ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦੇ ਭਵਿੱਖ ਨੂੰ ਮਜ਼ਬੂਤ ਕਰਨਾ ਹੈ। ਸਮਾਂ-ਸੀਮਾ ਵਿੱਚ ਇਹ ਵਾਧਾ ਉਹਨਾਂ ਪਰਿਵਾਰਾਂ ਲਈ ਵੱਡੀ ਰਾਹਤ ਹੈ ਜੋ ਦਸਤਾਵੇਜ਼ੀ ਕਾਰਵਾਈ ਜਾਂ ਵਿਆਹ ਦੀਆਂ ਰਸਮਾਂ ਕਾਰਨ ਲਾਭ ਤੋਂ ਵਾਂਝੇ ਰਹਿ ਜਾਂਦੇ ਸਨ। ਇਹ ਫੈਸਲਾ ਸਾਡੀਆਂ ਧੀਆਂ-ਭੈਣਾਂ ਦੀ ਇੱਜ਼ਤ, ਸੁਰੱਖਿਆ ਅਤੇ ਸਸ਼ਕਤੀਕਰਨ ਪ੍ਰਤੀ ਪੰਜਾਬ ਸਰਕਾਰ ਦੀ ਅਟੱਲ ਵਚਨਬੱਧਤਾ ਦਾ ਸਪਸ਼ਟ ਪ੍ਰਗਟਾਵਾ ਹੈ।

Leave a Reply

Your email address will not be published. Required fields are marked *

View in English