ਫੈਕਟ ਸਮਾਚਾਰ ਸੇਵਾ
ਦਿੱਲੀ , ਫਰਵਰੀ 7
ਐਪ-ਆਧਾਰਿਤ ਟੈਕਸੀ ਅਤੇ ਆਟੋ ਰਿਕਸ਼ਾ ਚਾਲਕਾਂ ਦੀ ਯੂਨੀਅਨ ਨੇ ਕਈ ਮੰਗਾਂ ਨੂੰ ਲੈ ਕੇ ਅੱਜ ਦਿਨ ਹੜਤਾਲ ਦਾ ਸੱਦਾ ਦਿੱਤਾ ਹੈ। ਇਨ੍ਹਾਂ ਡਰਾਈਵਰਾਂ ਨੇ ਘੱਟੋ-ਘੱਟ ਬੇਸ ਕਿਰਾਇਆ ਤੈਅ ਕਰਨ ਅਤੇ ਗੱਡੀਆਂ ਵਿੱਚ ਪੈਨਿਕ ਬਟਨ ਲਗਾਉਣ ਦੀ ਲਾਜ਼ਮੀ ਸ਼ਰਤ ਆਦਿ ਮਾਮਲੇ ’ਤੇ ਰੋਸ ਪ੍ਰਗਟਾਇਆ। ਮਹਾਰਾਸ਼ਟਰ ਕਾਮਗਾਰ ਸਭਾ ਨੇ ਕਿਹਾ ਕਿ ਦੇਸ਼ ਭਰ ਦੇ ਡਰਾਈਵਰ 7 ਫਰਵਰੀ ਨੂੰ ਓਲਾ, ਉਬਰ ਅਤੇ ਰੈਪਿਡੋ ਆਦਿ ਦੇ ਮਾਲਕਾਂ ਦੀਆਂ ਮਨਮਾਨੀਆਂ ਅਤੇ ਗੈਰ-ਕਾਨੂੰਨੀ ਬਾਈਕ ਟੈਕਸੀ ਸੇਵਾਵਾਂ ਵਿਰੁੱਧ ਪ੍ਰਦਰਸ਼ਨ ਕਰਨਗੇ।
ਯੂਨੀਅਨ ਦਾ ਦਾਅਵਾ ਹੈ ਕਿ ਪੈਨਿਕ ਬਟਨ ਲਗਾਉਣ ਦੀ ਲਾਜ਼ਮੀ ਸ਼ਰਤ ਡਰਾਈਵਰਾਂ ’ਤੇ ਵੱਡਾ ਆਰਥਿਕ ਬੋਝ ਪਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪੈਨਿਕ ਬਟਨ ਬਣਾਉਣ ਵਾਲੀਆਂ 140 ਕੰਪਨੀਆਂ ਨੂੰ ਮਾਨਤਾ ਦਿੱਤੀ ਗਈ ਹੈ ਪਰ ਸੂਬਾ ਸਰਕਾਰ ਨੇ ਇਨ੍ਹਾਂ ਵਿੱਚੋਂ ਲਗਪਗ 70 ਫੀਸਦੀ ਕੰਪਨੀਆਂ ਨੂੰ ਗੈਰਕਾਨੂੰਨੀ ਐਲਾਨ ਦਿੱਤਾ ਹੈ। ਇਸ ਕਾਰਨ ਡਰਾਈਵਰਾਂ ਨੂੰ ਪਹਿਲਾਂ ਤੋਂ ਲੱਗੇ ਉਪਕਰਣ ਹਟਾ ਕੇ ਲਗਪਗ 12,000 ਰੁਪਏ ਖਰਚ ਕਰਕੇ ਨਵੇਂ ਯੰਤਰ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਵਿਗੜ ਰਹੀ ਹੈ।
ਇਸ ਤੋਂ ਇਲਾਵਾ ਡਰਾਈਵਰ ਜਥੇਬੰਦੀ ਨੇ ਓਪਨ ਪਰਮਿਟ ਨੀਤੀ ਕਾਰਨ ਆਟੋ ਰਿਕਸ਼ਾ ਦੀ ਵਧਦੀ ਗਿਣਤੀ ਅਤੇ ਉਸ ਨਾਲ ਹੋਣ ਵਾਲੇ ਆਮਦਨ ਦੇ ਨੁਕਸਾਨ ’ਤੇ ਵੀ ਚਿੰਤਾ ਪ੍ਰਗਟਾਈ ਹੈ। ਯੂਨੀਅਨ ਨੇ ਇਹ ਦੋਸ਼ ਵੀ ਲਾਇਆ ਕਿ ਗੈਰ-ਕਾਨੂੰਨੀ ਬਾਈਕ ਟੈਕਸੀਆਂ ਨਾਲ ਹੋਣ ਵਾਲੇ ਹਾਦਸਿਆਂ ਦੇ ਪੀੜਤਾਂ ਨੂੰ ਬੀਮਾ ਲਾਂਭ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਇਸ ਹੜਤਾਲ ਕਾਰਨ ਸ਼ਨਿਚਰਵਾਰ ਨੂੰ ਦਿੱਲੀ ਅਤੇ ਮੁੰਬਈ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਯਾਤਰੀਆਂ ਨੂੰ ਆਵਾਜਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।







