ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਕਵੀ ਦਰਬਾਰ ਅਤੇ ਕਾਵਿ ਉਚਾਰਨ ਮੁਕਾਬਲਾ ਕਰਵਾਇਆ ਗਿਆ।
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਮਹਿਮਾਨ ਕਵੀਆਂ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਵਿਸ਼ੇਸ਼ ਹਾਜ਼ਰੀ ਲਵਾਈ।
ਜਿਸ ਵਿਚ ਸਭਾ ਦੇ ਜਨਰਲ ਸਕੱਤਰ ਭੂਪਿੰਦਰ ਮਲਿਕ ਜੋ ਇਸੇ ਕਾਲਜ ਦੇ ਵਿਦਿਆਰਥੀ ਰਹੇ ਹਨ ਤੋਂ ਇਲਾਵਾ ਡਾ ਗੁਰਮਿੰਦਰ ਸਿੱਧੂ, ਪਰਮਜੀਤ ਪਰਮ , ਮਲਕੀਅਤ ਬਸਰਾ, ਮਨਜੀਤ ਮੁਹਾਲੀ, ਸ਼ਾਇਰ ਭੱਟੀ, ਜੋਗਿੰਦਰ ਸਿੰਘ ਜੋਗੀ , ਡਾ. ਬਲਦੇਵ ਸਿੰਘ ਖਹਿਰਾ ਅਤੇ ਪਰਮਜੀਤ ਮਾਨ ਨੇ ਸ਼ਿਰਕਤ ਕੀਤੀ। ਕਾਲਜ ਦੀ ਪੰਜਾਬੀ ਸਾਹਿਤ ਸਭਾ ਦੁਆਰਾ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਗੁਰਦਿੱਤ ਸਿੰਘ ਤੇ ਪ੍ਰਭਜੋਤ ਸਿੰਘ ਨੇ ਪਹਿਲਾ ਸਥਾਨ , ਰਿਤਿਕਾ ਸ਼ਰਮਾ ਤੇ ਜੈਸਮੀਨ ਨੇ ਦੂਜਾ ਅਤੇ ਸੁਖਮਨ ਕੌਰ ਬਨਵੈਤ ਤੇ ਲਕਸ਼ਿਤਾ ਨੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੀ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਕਰਿਸ਼ਪ੍ਰੀਤ ਸਿੰਘ ਨੇ ਮੰਚ ਦਾ ਬਾਖੂਬੀ ਸੰਚਾਲਨ ਕੀਤਾ। ਵਿਭਾਗ ਦੇ ਮੁਖੀ ਡਾ ਗੁਰਮੇਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।