ਫੈਕਟ ਸਮਾਚਾਰ ਸੇਵਾ
ਚਮਕੌਰ ਸਾਹਿਬ , ਅਕਤੂਬਰ 27
ਯੂਐੱਫਐੱਸਸੀ ਅਮਰੀਕਾ ਵੱਲੋਂ ਆਬੁਧਾਬੀ ’ਚ ਕਰਵਾਈ ਪਹਿਲੀ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਚਮਕੌਰ ਸਾਹਿਬ ਦੇ ਸਿੱਖ ਨੌਜਵਾਨ ਖਿਡਾਰੀ ਜੁਝਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿੱਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ ਹੈ। ਸੰਗਤ ਸਿੰਘ ਵਾਸੀ ਵਾਰਡ ਨੰਬਰ 13 ਚਮਕੌਰ ਸਾਹਿਬ ਦੇ ਨੌਜਵਾਨ ਜੁਝਾਰ ਸਿੰਘ ਢਿੱਲੋਂ ਉਰਫ ਟਾਈਗਰ ਨੇ ਦੱਸਿਆ ਕਿ ਹੁਣ ਉਹ ਫਰਵਰੀ ਮਹੀਨੇ ਵਿੱਚ ਅਮਰੀਕਾ ਵਿੱਚ ਹੋਣ ਵਾਲੇ ਮੁਕਾਬਲਿਆਂ ਦੌਰਾਨ ਹਿੱਸਾ ਲਵੇਗਾ। ਉਨ੍ਹਾਂ ਦੱਸਿਆ ਕਿ 24 ਅਕਤੂਬਰ ਨੂੰ ਹੋਈ ਇਸ ਚੈਪੀਅਨਸਿ਼ਪ ਉਸ ਨੂੰ ਐੱਮ ਐੱਮ ਏ ਚੈਂਪੀਅਨ ਪੰਕਜ ਖੰਨਾ (ਦੀ ਬੁੱਲ) ਵੱਲੋਂ ਉਨ੍ਹਾਂ ਤੇ ਭਰੋਸਾ ਕਰਦਿਆਂ ਇਸ ਚੈਂਪੀਅਨਸ਼ਿਪ ਲਈ ਉਤਾਰਿਆ।
ਜੁਝਾਰ ਸਿੰਘ ਨੇ ਦੱਸਿਆ ਕਿ ਉਹ ਰਿੰਗ ਵਿੱਚ ਅਰਦਾਸ ਕਰਕੇ ਅਤੇ ਸਰਦਾਰ ਹਰੀ ਸਿੰਘ ਨਲੂਆ ਦੀ ਵਾਰ ਪੜ੍ਹ ਕੇ ਰਿੰਗ ਵਿੱਚ ਉਤਰਿਆ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲਾ ਵਰਲਡ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ ਇਹ ਖ਼ਿਤਾਬ ਜਿੱਤਣ ਤੋਂ ਬਾਅਦ ਜੁਝਾਰ ਸਿੰਘ ਵੱਲੋਂ ਰਿੰਗ ਵਿੱਚ ਪਾਇਆ ਭੰਗੜਾ ਅਤੇ ਮਾਰੀ ਥਾਪੀ ਦੀ ਵੀਡੀਓ ਵਿਸ਼ਵ ਪੱਧਰ ’ਤੇ ਵਾਇਰਲ ਹੋ ਰਹੀ ਹੈ। ਜੁਝਾਰ ਸਿੰਘ ਟਾਈਗਰ ਇਸ ਤੋਂ ਪਹਿਲਾਂ ਕਈ ਐੱਮ ਐੱਮ ਏ ਦੇ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਜਿੱਤ ਚੁੱਕਾ ਹੈ, ਉਹ ਇੱਕ ਚੰਗੇ ਪਹਿਲਵਾਨ ਵਜੋਂ ਵੀ ਜਾਣਿਆ ਜਾਂਦਾ ਹੈ। ਜਿੱਤ ਤੋਂ ਬਾਅਦ ਜੁਝਾਰ ਦੇ ਘਰ ਵਧਾਈਆ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।







