ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਨਵੰਬਰ 12
ਇਸ ਸਮੇਂ ਮਨੋਰੰਜਨ ਦੀਆਂ ਖਬਰਾਂ ਤੋਂ ਇਲਾਵਾ ਬਾਲੀਵੁੱਡ ਵੀ ਫਿਲਮੀ ਸਿਤਾਰਿਆਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਸੀਰੀਜ਼ ‘ਚ ਨਵਾਂ ਨਾਂ ਸ਼ਾਹਰੁਖ ਖਾਨ ਦਾ ਜੁੜਿਆ ਸੀ, ਜਿਸ ਨੂੰ ਛੱਤੀਸਗੜ੍ਹ ਦੇ ਇਕ ਵਿਅਕਤੀ ਵੱਲੋਂ ਧਮਕੀ ਦੇਣ ਦਾ ਮਾਮਲਾ 7 ਨਵੰਬਰ ਨੂੰ ਸਾਹਮਣੇ ਆਇਆ ਸੀ। ਹੁਣ ਇਸ ਮੁਲਜ਼ਮ ਨੂੰ ਮੁੰਬਈ ਪੁਲਿਸ ਨੇ ਛੱਤੀਸਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੁਣ ਇਸ ਮਾਮਲੇ ‘ਤੇ ਮੁੰਬਈ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਸ਼ਾਹਰੁਖ ਨੂੰ ਧਮਕੀ ਦੇਣ ਵਾਲੇ ਦੋਸ਼ੀ ਨੇ ਪੁੱਛਗਿੱਛ ਦੌਰਾਨ ਕੀ-ਕੀ ਦੱਸਿਆ ਹੈ, ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
5 ਨਵੰਬਰ ਨੂੰ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ‘ਤੇ ਇਕ ਫੋਨ ਆਇਆ, ਜਿਸ ‘ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਇਸ ਫੋਨ ਕਾਲ ਤੋਂ ਤੁਰੰਤ ਬਾਅਦ ਮੁੰਬਈ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਅਤੇ ਮੁਲਜ਼ਮ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਫੋਨ ਛੱਤੀਸਗੜ੍ਹ ਦੇ ਰਾਏਪੁਰ ਦੇ ਰਹਿਣ ਵਾਲੇ ਫੈਜ਼ਾਨ ਨਾਂ ਦੇ ਵਿਅਕਤੀ ਦਾ ਸੀ, ਜਿਸ ਨੂੰ ਹੁਣ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਫੋਨ 2 ਨਵੰਬਰ ਨੂੰ ਗੁੰਮ ਹੋ ਗਿਆ ਸੀ, ਜਿਸ ਸਬੰਧੀ ਉਸ ਨੇ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਸ ਨੂੰ ਨਹੀਂ ਪਤਾ ਕਿ ਅਜਿਹੀ ਧਮਕੀ ਕਿਸ ਨੇ ਦਿੱਤੀ ਹੈ।
ਹਾਲਾਂਕਿ ਇਸ ਮਾਮਲੇ ਵਿੱਚ ਕਿੰਨੀ ਕੁ ਸੱਚਾਈ ਹੈ , ਫਿਲਹਾਲ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਮੁੰਬਈ ਪੁਲਿਸ ਨੇ ਇਸ ਮੁਲਜ਼ਮ ਖ਼ਿਲਾਫ਼ ਧਾਰਾ 308 (4) ਅਤੇ 341 (3) (4) ਤਹਿਤ ਕੇਸ ਦਰਜ ਕੀਤਾ ਹੈ। ਪਤਾ ਲੱਗਾ ਹੈ ਕਿ ਫੈਜ਼ਾਨ ਪੇਸ਼ੇਵਰ ਵਕੀਲ ਦੱਸਿਆ ਜਾਂਦਾ ਹੈ।