View in English:
April 22, 2025 3:56 am

ਪੰਜਾਬੀ ਲੇਖਕ ਸਭਾ ਵੱਲੋਂ ਪ੍ਰਭਜੋਤ ਕੌਰ ਢਿੱਲੋਂ ਦੀਆਂ ਦੋ ਪੁਸਤਕਾਂ ਰਿਲੀਜ਼

ਚੰਡੀਗੜ੍ਹ: ਪ੍ਰਸਿੱਧ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਦੀਆਂ ਸਮਾਜਿਕ ਚੇਤਨਾ ਨਾਲ ਸਬੰਧਿਤ ਦੋ ਪੁਸਤਕਾਂ “ਪੰਜਾਬ ਨੂੰ ਨਸ਼ਿਆਂ ਦਾ ਸੇਕ” ਅਤੇ “ਆਓ ਰਲ਼-ਮਿਲ ਸੋਚੀਏ” ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਅੱਜ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਇਆ ਗਿਆ ।

ਪੁਸਤਕਾਂ ਲੋਕ ਅਰਪਣ ਕਰਨ ਮੌਕੇ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਤੋਂ ਇਲਾਵਾ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਦਵਿੰਦਰ ਸਿੰਘ ਬੋਹਾ, ਮੁੱਖ ਮਹਿਮਾਨ ਰੇਣੂਕਾ ਸਲਵਾਨ, ਵਿਸ਼ੇਸ਼ ਮਹਿਮਾਨ ਜਗਤਾਰ ਭੁੱਲਰ, ਬਲਕਾਰ ਸਿੱਧੂ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਅਤੇ ਗਰੁੱਪ ਕੈਪਟਨ ਅਮਰਜੀਤ ਸਿੰਘ ਢਿੱਲੋਂ ਨੇ ਹਾਜ਼ਰੀ ਦਰਜ ਕਰਵਾਈ । ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਇਹਨਾਂ ਕਿਤਾਬਾਂ ਨੂੰ ਸਮਾਜਿਕ ਸੇਧ ਦੇ ਯੋਗ ਦੱਸਿਆ |
ਮੰਚ ਸੰਚਾਲਨ ਕਰਦਿਆਂ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਲੇਖਿਕਾ ਨੇ ਆਪਣੀਆਂ ਪਹਿਲੀਆਂ ਨੌਂ ਕਿਤਾਬਾਂ ਵਾਂਙ ਸਮਾਜਿਕ ਚੇਤਨਾ ਦਾ ਸੁਨੇਹਾ ਬਰਕਰਾਰ ਰੱਖਿਆ ਹੈ | ਪਹਿਲੇ ਮੁੱਖ ਬੁਲਾਰੇ ਸੀਨੀਅਰ ਪੱਤਰਕਾਰ ਅਤੇ ਲੇਖਕ ਜਗਤਾਰ ਭੁੱਲਰ ਨੇ “ਪੰਜਾਬ ਨੂੰ ਨਸ਼ਿਆਂ ਦਾ ਸੇਕ ” ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਆਤਮ ਮੰਥਨ ਅਤੇ ਸੰਵਾਦ ਚੋਂ ਹੀ ਮਸਲਿਆਂ ਦੇ ਹੱਲ ਨਿਕਲਦੇ ਹਨ | ਪ੍ਰਸਿੱਧ ਕਲਾਕਾਰ ਬਲਕਾਰ ਸਿੱਧੂ ਨੇ ਦੂਜੇ ਬੁਲਾਰੇ ਵਜੋਂ ਬੋਲਦਿਆਂ ਕਿਹਾ ਕਿ ਚਿੰਤਾ ਅਤੇ ਚਿੰਤਨ ਰਾਹੀਂ ਜੀਵਨ ਜਾਚ ਦੀ ਗੱਲ ਲੇਖਿਕਾ ਕਰਦੀ ਹੈ | ਦੋਹਾਂ ਪੁਸਤਕਾਂ ਦੀ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਨੇ ਕਿਹਾ ਕਿ ਸਮਾਜ ਵਿਚ ਜਿਹੜੀਆਂ ਗੱਲਾਂ ਉਹਨਾਂ ਨੂੰ ਚੁੱਭੀਆਂ ਉਹ ਹੀ ਲੇਖ ਰੂਪ ਵਿਚ ਇਹਨਾਂ ਕਿਤਾਬਾਂ ਦੀ ਸਿਰਜਣਾ ਦਾ ਹਿੱਸਾ ਬਣੇ |


ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਫ਼ਿਕਰਮੰਦੀ ਚੋਂ ਹੀ ਅਜਿਹੀਆਂ ਕਿਤਾਬਾਂ ਹੋਂਦ ਵਿੱਚ ਆਉਂਦੀਆਂ ਹਨ । ਮੁੱਖ ਮਹਿਮਾਨ ਰੇਣੂਕਾ ਸਲਵਾਨ ਨੇ ਸਮਾਜ ਨੂੰ ਦਰਪੇਸ਼ ਮੁਸ਼ਕਲਾਂ ਦੀ ਗੱਲ ਕਰਦਿਆਂ ਲੇਖਿਕਾ ਦੀ ਉਮੀਦ ਭਰੀ ਲੇਖਣੀ ਦੀ ਪ੍ਰਸ਼ੰਸਾ ਕੀਤੀ ਅਤੇ ਪੰਜਾਬੀ ਲੇਖਕ ਸਭਾ ਨੂੰ ਅਜਿਹੇ ਉੱਦਮ ਕਰਦੇ ਰਹਿਣ ਲਈ ਕਿਹਾ । ਆਪਣੇ ਪ੍ਰਧਾਨਗੀ ਵਿਚਾਰਾਂ ਵਿੱਚ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਸਮਾਜਿਕ ਜਾਗਰੂਕਤਾ ਕਰਕੇ ਹੀ ਲੇਖਿਕਾ ਦੇ ਮੱਥੇ ਤੇ ਚੇਤਨਾ ਦਾ ਦੀਵਾ ਬਲਦਾ ਹੈ | ਧੰਨਵਾਦੀ ਸ਼ਬਦ ਬੋਲਦਿਆਂ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਸਮਗਮ ਸਮਾਜ ਨੂੰ ਸ਼ੀਸ਼ਾ ਵਿਖਾਉਣ ਵਾਲੇ ਹੁੰਦੇ ਹਨ |

ਪ੍ਰਧਾਨਗੀ ਮੰਡਲ ਤੋਂ ਇਲਾਵਾ ਜਿਨ੍ਹਾਂ ਅਦਬੀ ਸ਼ਖ਼ਸੀਅਤਾਂ ਨੇ ਇਸ ਸਮਾਰੋਹ ਵਿਚ ਸ਼ਮੂਲੀਅਤ ਕੀਤੀ ਉਨ੍ਹਾਂ ਵਿਚ ਪ੍ਰਿੰਸੀਪਲ ਗੁਰਦੇਵ ਪਾਲ, ਗੁਰਨਾਮ ਕੰਵਰ, ਊਸ਼ਾ ਕੰਵਰ, ਮਲਕੀਅਤ ਬਸਰਾ , ਅਮਰਜੀਤ ਸਿੰਘ ਢਿੱਲੋਂ, ਸਿਮਰਜੀਤ ਗਰੇਵਾਲ, ਹਰਮਿੰਦਰ ਕਾਲੜਾ, ਜਤਿਨ ਸਲਵਾਨ, ਸੁਖਪ੍ਰੀਤ ਸਿੰਘ, ਸ਼ਾਇਰ ਭੱਟੀ, ਵਰਿੰਦਰ ਸਿੰਘ ਚੱਠਾ, ਪ੍ਰੋ. ਦਿਲਬਾਗ ਸਿੰਘ, ਆਰ. ਐਸ. ਜਿੰਦਲ, ਲੈ. ਕਰਨਲ ਬਚਿੱਤਰ ਸਿੰਘ, ਪ੍ਰੀਤਮ ਸਿੰਘ ਭੁਪਾਲ, ਸੁਰਿੰਦਰ ਕੁਮਾਰ, ਮੰਦਰ ਗਿੱਲ, ਕਰਿਸ਼ਮਾ ਵਰਮਾ, ਗਣੇਸ਼ ਦੱਤ ਬਜਾਜ, ਅਜੇ ਵਰਮਾ, ਸੰਜੇ ਸ਼ਰਮਾ, ਦਮਨਪ੍ਰੀਤ ਕੌਰ, ਰੀਨਾ, ਮਨੀ ਚੰਦ ਛੋਕਰ, ਰਮਣੀਕ ਕੋਹਲੀ, ਮਿੰਨੀ ਸਰਕਾਰੀਆ, ਪਵਿੱਤਰ ਸਿੰਘ, ਕੇ. ਐੱਲ. ਸ਼ਰਮਾ, ਰਾਖੀ ਸੁਬਰਾਮਨੀਅਮ, ਆਰ. ਐੱਸ. ਲਿਬਰੇਟ, ਸੁਖਪ੍ਰੀਤ ਕੌਰ, ਡਾ. ਮਨਜੀਤ ਸਿੰਘ ਬੱਲ, ਅਮਨਜੋਤ ਕੌਰ, ਵੰਦਨਾ ਖੁਰਾਣਾ, ਮਨਜੀਤ ਕੌਰ ਮੁਹਾਲੀ, ਜੋਗਿੰਦਰ ਸਿੰਘ ਜੱਗਾ ਅਤੇ ਬਲਦੇਵ ਸਿੰਘ ਸਨੌਰੀ ਦੇ ਨਾਮ ਵਰਣਨ ਯੋਗ ਹਨ ।

Leave a Reply

Your email address will not be published. Required fields are marked *

View in English