ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਅਪ੍ਰੈਲ 7
ਪੰਜਾਬੀ ਸਿਨੇਮਾ ਨੂੰ ਹੁਣ ਵਿਸ਼ਵ ਪੱਧਰ ’ਤੇ ਇੱਕ ਨਵੀਂ ਪਛਾਣ ਮਿਲਣੀ ਜਾ ਰਹੀ ਹੈ। ਸਿਨੇਮਾ, ਸੰਗੀਤ ਅਤੇ ਲੋਕ-ਕਲਾਵਾਂ ਦੀ ਰੂਹ ਨੂੰ ਦੁਨੀਆਂ ਤੱਕ ਪਹੁੰਚਾਉਣ ਲਈ ਵੈਟਰਨ ਅਦਾਕਾਰ ਅਤੇ ਸੱਭਿਆਚਾਰਕ ਪ੍ਰਵਰਤਕ ਗਿਰਿਜਾ ਸ਼ੰਕਰ ਨੇ ਇੱਕ ਨਵੀਂ ਪਹਲ ਕੀਤੀ ਹੈ – ‘ਪਿਫ਼ਲਾ ਹੌਲੀਵੁੱਡ’ (Punjabi International Film Festival Los Angeles)।
ਚੰਡੀਗੜ੍ਹ ਪ੍ਰੈਸ ਕਲੱਬ ’ਚ ਹੋਈ ਪੱਤਰਕਾਰ ਵਾਰਤਾ ਦੌਰਾਨ ਗਿਰਿਜਾ ਸ਼ੰਕਰ ਨੇ ਦੱਸਿਆ ਕਿ ਇਹ ਫੈਸਟੀਵਲ ਹਰ ਸਾਲ ਹੌਲੀਵੁੱਡ ਦੇ ਕੇਂਦਰ ਵਿੱਚ ਹੋਏਗਾ, ਜਿਸਦਾ ਮਕਸਦ ਪੰਜਾਬੀ ਵਿਰਾਸਤ ਅਤੇ ਕਲਾ ਨੂੰ ਪੱਛਮੀ ਦਰਸ਼ਕਾਂ ਨਾਲ ਸਾਂਝਾ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਪਿਫ਼ਲਾ ਹੌਲੀਵੁੱਡ ਨਾ ਸਿਰਫ ਪੰਜਾਬੀ ਅਤੇ ਉੱਤਰ ਭਾਰਤੀ ਭਾਈਚਾਰੇ ਦੀ ਕਲਾ ਨੂੰ ਮੰਚ ਦੇਵੇਗਾ, ਸਗੋਂ ਦੁਨੀਆ ਭਰ ਦੇ ਕਲਾਕਾਰਾਂ ਨੂੰ ਹੌਲੀਵੁੱਡ ਨਾਲ ਸਾਂਝਦਾਰੀ ਦਾ ਮੌਕਾ ਵੀ ਮੁਹੱਈਆ ਕਰਵਾਵੇਗਾ। ਫੈਸਟੀਵਲ ਵਿੱਚ ਫੀਚਰ ਫਿਲਮਾਂ, ਡੌਕਯੂਮੈਂਟਰੀਜ਼ ਅਤੇ ਸ਼ੌਰਟ ਫਿਲਮਾਂ ਲਈ ਕਈ ਇੱਜ਼ਤਦਾਰ ਇਨਾਮ ਦਿੱਤੇ ਜਾਣਗੇ – ਜਿਵੇਂ ਕਿ ਸਰਵੋਤਮ ਫਿਲਮ, ਨਿਰਦੇਸ਼ਕ, ਅਦਾਕਾਰ, ਸੰਗੀਤਕਾਰ ਅਤੇ ਗਾਇਕ ਆਦਿ।
ਗਿਰਿਜਾ ਸ਼ੰਕਰ ਇਸ ਫੈਸਟੀਵਲ ਰਾਹੀਂ ਨੌਜਵਾਨ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਕਹਾਣੀਆਂ ਬਣਾਉਣ ਲਈ ਉਤਸ਼ਾਹਿਤ ਕਰ ਰਹੇ ਹਨ, ਤਾਂ ਜੋ ਪੰਜਾਬੀ ਸਿਨੇਮਾ ਸਿਰਫ ਖੇਤਰੀ ਨਾ ਰਹਿ ਜਾਵੇ – ਬਲਕਿ ਇੱਕ ਵਿਸ਼ਵ ਪੱਧਰੀ ਸਿਨੇਮਾ ਬਣ ਸਕੇ।
ਆਪਣੇ ਸਫ਼ਰ ਬਾਰੇ ਗੱਲ ਕਰਦਿਆਂ ਗਿਰਿਜਾ ਸ਼ੰਕਰ ਨੇ ਦੱਸਿਆ : “ਪਟਿਆਲਾ ’ਚ ਥੀਏਟਰ ਕਰਣ ਤੋਂ ਬਾਅਦ ਮੈਂ ਮੁੰਬਈ ਚਲਾ ਗਿਆ। ਉੱਥੇ ਮੈਨੂੰ ਰਮੇਸ਼ ਸਿੱਪੀ ਦੀ ਟੀਵੀ ਸੀਰੀਜ਼ ‘ਬੁਨਿਆਦ’ ’ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਮੈਨੂੰ ਮਹਾਨ ਰਚਨਾਤਮਕ ਟੀਵੀ ਸੀਰੀਜ਼ ‘ਮਹਾਭਾਰਤ’ ਵਿੱਚ ਧ੍ਰਿਤਰਾਸ਼ਟਰ ਦਾ ਰੋਲ ਨਿਭਾਉਣ ਦਾ ਮੌਕਾ ਮਿਲਿਆ, ਜਿਸਦਾ ਨਿਰਮਾਣ ਤੇ ਨਿਰਦੇਸ਼ਨ ਬੀ.ਆਰ. ਚੋਪੜਾ ਨੇ ਕੀਤਾ ਸੀ। ਉਸਤੋਂ ਬਾਅਦ ਮੈਂ ‘ਅਲਿਫ ਲੈਲਾ’, ਮਹੇਸ਼ ਭੱਟ, ਰਾਮ ਗੋਪਾਲ ਵਰਮਾ ਅਤੇ ਹੋਰ ਕਈ ਚੋਟੀ ਦੇ ਨਿਰਦੇਸ਼ਕਾਂ ਨਾਲ ਕੰਮ ਕੀਤਾ।”
“ਜਦੋਂ ਮੈਂ ਵਿਦੇਸ਼ ’ਚ ਸੀ, ਮੈਨੂੰ ਅਹਿਸਾਸ ਹੋਇਆ ਕਿ ਸਾਡਾ ਪੰਜਾਬੀ ਸਿਨੇਮਾ, ਸੰਗੀਤ ਅਤੇ ਲੋਕ ਕਲਾਵਾਂ ਅਮਰੀਕਾ, ਕੈਨੇਡਾ, ਯੂਰਪ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਵੱਡੀ ਕਦਰ ਪਾ ਸਕਦੇ ਹਨ। ਇਸੇ ਕਾਰਣ ਮੈਂ ਲੌਸ ਐਂਜਲਿਸ ਵਿੱਚ ‘ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਦੀ ਸਥਾਪਨਾ ਕੀਤੀ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਕਹਾਣੀਆਂ ‘ਪਿਫ਼ਲਾ ਹੌਲੀਵੁੱਡ’ ਦੇ ਰਾਹੀਂ ਦੁਨੀਆਂ ਤੱਕ ਪਹੁੰਚਾਈਏ।”