ਪੰਜਾਬ ਕਲਾ ਪਰਿਸ਼ਦ ਵੱਲੋਂ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਸੈਮੀਨਾਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਕਤੂਬਰ 24

ਪੰਜਾਬ ਕਲਾ ਪਰਿਸ਼ਦ ਵੱਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ‘ਪ੍ਰਗਟ ਭਏ ਗੁਰ ਤੇਗ ਬਹਾਦਰ’ ਸਿਰਲੇਖ ਤਹਤ ਕਰਵਾਏ ਗਏ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਉੱਘੇ ਵਿਦਵਾਨ ਅਤੇ ਸੈਂਟਰਲ ਯੂਨੀਵਰਸਟੀ ਬਠਿੰਡਾ ਦੇ ਚਾਂਸਲਰ ਡਾ. ਜਗਬੀਰ ਸਿੰਘ ਸਨ ਅਤੇ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਕੀਤੀ।


ਉੱਗੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਸੈਮੀਨਾਰ ਦਾ ਮੁੱਖ ਸੁਰ ਭਾਸ਼ਣ ਦਿੰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਬੁਨਿਆਦ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਵੱਲੋਂ ਰਚੀ ਗਈ ਬਾਣੀ ਅਤੇ ਸਿੱਖ ਸਿਧਾਂਤ ਵਿੱਚ ਮੌਜੂਦ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਅਦੁਤੀ ਸ਼ਹਾਦਤ ਨੇ ਹੋਂਦ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਡਾਕਟਰ ਜਗਬੀਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਸਿੱਖ ਵਿਰਾਸਤ ਗਿਆਨ ਅਤੇ ਪ੍ਰਤੀਰੋਧ ਦੀ ਪਰੰਪਰਾ ਹੈ। ਉਹਨਾਂ ਕਿਹਾ ਕਿ ਇਹ ਸ਼ਹਾਦਤ ਮਹਿਜ਼ ਔਰੰਗਜ਼ੇਬ ਦੇ ਜ਼ੁਲਮ ਦੇ ਖਿਲਾਫ ਨਹੀਂ ਸੀ ਸਗੋਂ ਉਸ ਸੱਭਿਅਤਾ ਦੇ ਨਿਜ਼ਾਮ ਦੇ ਖਿਲਾਫ ਸੀ ਜੋ ਧਾੜਵੀਆਂ ਨੇ ਹਿੰਦੁਸਤਾਨ ਵਿੱਚ ਖੜਾ ਕੀਤਾ ਸੀ।


ਡਾ. ਕਰਮਜੀਤ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਇਸ ਸ਼ਹੀਦੀ ਸਾਕੇ ਦਾ ਪ੍ਰਭਾਵ ਇੰਨਾ ਵੱਡਾ ਬਣਿਆ ਜਿਸ ਨੇ ਖਾਲਸੇ ਦੀ ਸਾਜਨਾ ਕੀਤੀ ਅਤੇ ਮੁਗਲੀਆ ਸਲਤਨਤ ਨੂੰ ਵੰਗਾਰਿਆ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੱਖ ਇਤਿਹਾਸ ਦੇ ਪ੍ਰਮਾਣਿਕ ਸਰੋਤਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਡਿਜਟਾਈਜੇਸ਼ਨ ਕਰਵਾਏਗੀ ਤਾਂ ਜੋ ਸਹੀ ਸਰੋਤ ਪ੍ਰਾਪਤ ਹੋ ਸਕਣ।

ਉੱਘੇ ਇਤਿਹਾਸਕਾਰ ਡਾਕਟਰ ਰਾਜ ਕੁਮਾਰ ਹੰਸ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਮਨੁੱਖੀ ਹੱਕਾਂ ਦੀ ਪਹਿਰੇਦਾਰੀ ਦਾ ਵੱਡਾ ਪ੍ਰਮਾਣ ਹੈ। ਉਹਨਾਂ ਕਿਹਾ ਕਿ ਇਹ ਸ਼ਹਾਦਤ ਸਿਰਫ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਤਿਲਕ ਜੰਜੂ ਦੀ ਰਾਖੀ ਕਰਕੇ ਨਹੀਂ ਹੋਈ ਸਗੋਂ ਉਭਰ ਰਹੀ ਸਿੱਖ ਤਾਕਤ ਅਤੇ ਸਿੱਖੀ ਦੇ ਪਸਾਰ ਨੇ ਔਰੰਗਜ਼ੇਬ ਲਈ ਤੌਖਲਾ ਪੈਦਾ ਕਰ ਦਿੱਤਾ ਸੀ ਅਤੇ ਉਹ ਇਸ ਉਭਾਰ ਨੂੰ ਉਹ ਰੋਕਣਾ ਚਾਹੁੰਦਾ ਸੀ।


ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਇਸ ਪਵਿੱਤਰ ਮੌਕੇ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਤਾਂ ਜੋ ‘ਸ੍ਰਿਸ਼ਟੀ ਦੀ ਚਾਦਰ’ ਵਜੋਂ ਜਾਣੇ ਜਾਂਦੇ ਸਾਡੇ ਮਹਾਨ ਗੁਰੂ ਅਤੇ ਉਹਨਾਂ ਨਾਲ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਅਦੁਤੀ ਸ਼ਹਾਦਤ ਦੇ ਸਾਰੇ ਪੱਖਾਂ ਉੱਪਰ ਚਰਚਾ ਕੀਤੀ ਜਾ ਸਕੇ ਅਤੇ ਆਉਣ ਵਾਲੀਆਂ ਪੀੜੀਆਂ ਇਸ ਪ੍ਰਸੰਗ ਨੂੰ ਸਮਝ ਸਕਣ। ਮੰਚ ਸੰਚਾਲਨ ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾਕਟਰ ਯੋਗਰਾਜ ਨੇ ਕੀਤਾ।


ਦੂਜੇ ਸੈਸ਼ਨ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਅਤੇ ਉਹਨਾਂ ਦੀ ਸ਼ਹਾਦਤ ਉੱਪਰ ਵੱਖ ਵੱਖ ਵਿਦਵਾਨਾਂ ਨੇ ਚਰਚਾ ਕੀਤੀ ਜਿਸ ਦੀ ਪ੍ਰਧਾਨਗੀ ਉੱਘੇ ਚਿੰਤਕ ਡਾਕਟਰ ਤੇਜਵੰਤ ਗਿੱਲ ਨੇ ਕੀਤੀ ਤੇ ਇਸ ਦੇ ਬੁਲਾਰਿਆਂ ਵਿੱਚ ਡਾਕਟਰ ਮਨਮੋਹਨ, ਡਾਕਟਰ ਪ੍ਰਵੀਨ ਕੁਮਾਰ, ਡਾਕਟਰ ਅਮਰਜੀਤ ਸਿੰਘ, ਡਾਕਟਰ ਤਜਿੰਦਰ ਸਿੰਘ ਤੇ ਡਾਕਟਰ ਬਲਜੀਤ ਸਿੰਘ ਨੇ ਸ਼ਿਰਕਤ ਕੀਤੀ ਇਸ ਦਾ ਮੰਚ ਸੰਚਾਲਨ ਡਾਕਟਰ ਜਸ਼ਨਪ੍ਰੀਤ ਨੇ ਕੀਤਾ।
ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਨੇ ਆਏ ਹੋਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਸਿੱਖ ਚਿੰਤਕ ਹਰਜਿੰਦਰ ਸਿੰਘ ਦਿਲਗੀਰ ਅਤੇ ਵਿਦੇਸ਼ ਤੋਂ ਆਏ ਡਾਕਟਰ ਸਾਧੂ ਸਿੰਘ ਤੋਂ ਇਲਾਵਾ ਸੀਨੀਅਰ ਪੱਤਰਕਾਰ ਸੁਰਿੰਦਰ ਚਾਹਲ, ਬਲਵਿੰਦਰ ਜੰਮੂ ਅਤੇ ਮਦਨਜੀਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *

View in English