View in English:
April 2, 2025 5:43 am

PSFC ਦੇ ਚੇਅਰਮੈਨ ਅਤੇ ਮਾਹਿਰਾਂ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਸਬੰਧੀ ਰਣਨੀਤੀਆਂ ‘ਤੇ ਚਰਚਾ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਮਾਰਚ 31

ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਦੀ ਗੰਭੀਰ ਚੁਣੌਤੀ ਦੇ ਹੱਲ ਲਈ ਮਹੱਤਵਪੂਰਨ ਪਹਿਲਕਦਮੀ ਤਹਿਤ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫਰੈਜ਼ਨੋ ਦੀ ਇੱਕ ਟੀਮ ਨੇ ਇਸ ਸਮੱਸਿਆ ਵਾਸਤੇ ਕੋਈ ਟਿਕਾਊ ਹੱਲ ਕੱਢਣ ਲਈ ਪੰਜਾਬ ਦੇ ਖੇਤੀਬਾੜੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਡਾ. ਸ਼ੈਰਨ ਐਲਿਜ਼ਾਬੈਥ ਬੇਨਸ ਅਤੇ ਡਾ. ਗੁਰਰੀਤ ਸਿੰਘ ਬਰਾੜ ਦੀ ਅਗਵਾਈ ਵਾਲੇ ਹਾਈ-ਪ੍ਰੋਫਾਈਲ ਵਫ਼ਦ ਨੇ ਛੇ ਅੰਡਰਗ੍ਰੈਜੁਏਟ ਅਤੇ ਮਾਸਟਰਜ਼ ਦੇ ਵਿਦਿਆਰਥੀਆਂ ਨਾਲ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ (ਪੀ.ਐਸ.ਐਫ.ਸੀ.) ਨਾਲ ਰਣਨੀਤਕ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ ਅਤੇ ਇਸ ਚੁਣੌਤੀ ਦੇ ਹੱਲ ਲਈ ਤੁਰੰਤ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੱਤਾ।

ਇਹ ਧਿਆਨ ਵਿੱਚ ਰੱਖਦਿਆਂ ਕਿ ਪੰਜਾਬ ਅਤੇ ਕੈਲੀਫੋਰਨੀਆ ਦੋਵੇਂ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ, ਜਿਸ ਨਾਲ ਖੇਤੀਬਾੜੀ ਅਤੇ ਪਸ਼ੂਧਨ ਸਬੰਧੀ ਆਰਥਿਕਤਾ ਨੂੰ ਚੁਣੌਤੀਆਂ ਦਰਪੇਸ਼ ਹਨ, ਇਹ ਮੀਟਿੰਗ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਇੱਕ ਮਹੱਤਵਪੂਰਨ ਮੰਚ ਸੀ। ਪੀ.ਐਸ.ਐਫ.ਸੀ. ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਸੂਬੇ ਦੀ ਖੇਤੀਬਾੜੀ ਨੀਤੀ ਬਾਰੇ ਵਿਸਥਾਰ ਸਹਿਤ ਦੱਸਦਿਆਂ ਵਿਜ਼ਿਟਿੰਗ ਟੀਮ ਨਾਲ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਸਬੰਧੀ ਰਣਨੀਤੀਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਖੇਤੀਬਾੜੀ ਦੇ ਸਾਬਕਾ ਡਾਇਰੈਕਟ ਰਾਜੇਸ਼ ਵਸ਼ਿਸ਼ਟ ਨੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਬਾਰੇ ਅੰਕੜੇ ਪੇਸ਼ ਕੀਤੇ ਅਤੇ ਇਸਦੇ ਹੱਲ ਲਈ ਵਿਗਿਆਨ-ਅਧਾਰਤ ਰੀਚਾਰਜ ਰਣਨੀਤੀਆਂ ਦਾ ਪ੍ਰਸਤਾਵ ਦਿੱਤਾ।

ਉੱਘੇ ਵਿਗਿਆਨੀ ਡਾ. ਬਰਾੜ ਨੇ ਦੋਵੇਂ ਖਿੱਤਿਆਂ ਵਿਚਕਾਰ ਸਪੱਸ਼ਟ ਸਮਾਨਤਾਵਾਂ ਦੀ ਗੱਲ ਕਰਦਿਆਂ ਪਾਣੀ ਦੇ ਘਟ ਰਹੇ ਸਰੋਤਾਂ ਦੀ ਸਮੱਸਿਆ ਦਰਮਿਆਨ ਖੇਤੀ ਦੇ ਖੁਸ਼ਹਾਲ ਭਵਿੱਖ ਲਈ ਠੋਸ ਰਣਨੀਤੀਆਂ ਘੜਨ ਦੇ ਪ੍ਰਸਤਾਵ ਲਈ ਹਾਂ-ਪੱਖੀ ਹੁੰਗਾਰਾ ਭਰਿਆ। ਡਾ. ਬੇਨਸ ਨੇ ਇਸ ਮੁੱਦੇ ‘ਤੇ ਕੈਲੀਫੋਰਨੀਆ ਦੇ ਤਜ਼ਰਬੇ ਸਾਂਝੇ ਕਰਦਿਆਂ ਸੰਕਟ ਦੀ ਵਿਸ਼ਵਵਿਆਪੀ ਪ੍ਰਕਿਰਤੀ ਅਤੇ ਸਾਂਝੇ ਹੱਲਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਬਾਗਬਾਨੀ ਦੇ ਸਾਬਕਾ ਡਾਇਰੈਕਟਰ ਅਤੇ ਮੁੱਖ ਨੀਤੀ ਘਾੜੇ ਡਾ. ਗੁਰਕੰਵਲ ਸਿੰਘ ਨੇ ਖੇਤੀਬਾੜੀ ਨੂੰ ਵਧੇਰੇ ਲਾਹੇਵੰਦ ਅਤੇ ਟਿਕਾਊ ਬਣਾਉਣ ਲਈ ਵਿਗਿਆਨ ਦੇ ਆਲਮੀ ਭਾਈਚਾਰੇ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ। ਇਸ ਦੌਰਾਨ ਡਾ. ਰਣਜੋਧ ਸਿੰਘ ਬੈਂਸ ਅਤੇ ਮਾਨਵਪ੍ਰੀਤ ਸਿੰਘ ਨੇ ਪੰਜਾਬ ਖੇਤੀ ਢਾਂਚੇ ਦੇ ਖਰੜੇ ‘ਚੋਂ ਵੱਖ-ਵੱਖ ਨੀਤੀਗਤ ਉਪਾਵਾਂ ‘ਤੇ ਚਰਚਾ ਕਰਕੇ ਗੱਲਬਾਤ ਨੂੰ ਅੱਗੇ ਵਧਾਇਆ।

Leave a Reply

Your email address will not be published. Required fields are marked *

View in English