ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਦਸੰਬਰ 21
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ ‘ਤੇ ਕੁਵੈਤ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਕੁਵੈਤ ਦੇ ਸ਼ੇਖ ਮੇਸ਼ਾਲ ਅਲ ਅਹਿਮਦ ਅਲ ਜਬਾਰ ਅਲ ਸਬਾਹ ਦੇ ਸੱਦੇ ‘ਤੇ ਕੁਵੈਤ ਦਾ ਦੌਰਾ ਕੀਤਾ ਹੈ। ਪਿਛਲੇ 43 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕੁਵੈਤ ਦੀ ਇਹ ਪਹਿਲੀ ਯਾਤਰਾ ਹੈ। ਕੁਵੈਤ ਲਈ ਰਵਾਨਾ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਕ ਪੋਸਟ ‘ਚ ਪੀਐੱਮ ਮੋਦੀ ਨੇ ਲਿਖਿਆ, ‘ਭਾਰਤ ਅਤੇ ਕੁਵੈਤ ਨਾ ਸਿਰਫ ਵਪਾਰ ਅਤੇ ਊਰਜਾ ਹਿੱਸੇਦਾਰ ਹਨ, ਸਗੋਂ ਪੱਛਮੀ ਏਸ਼ੀਆ ‘ਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ‘ਚ ਵੀ ਉਨ੍ਹਾਂ ਦੇ ਸਾਂਝੇ ਹਿੱਤ ਹਨ। ਅਸੀਂ ਕੁਵੈਤ ਦੇ ਨਾਲ ਆਪਣੇ ਇਤਿਹਾਸਕ ਸਬੰਧਾਂ ਦੀ ਬਹੁਤ ਕਦਰ ਕਰਦੇ ਹਾਂ, ਜੋ ਪੀੜ੍ਹੀਆਂ ਤੱਕ ਫੈਲਿਆ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਲਿਖਿਆ ਕਿ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਪ੍ਰਧਾਨ ਮੰਤਰੀ ਕੁਵੈਤ ਦੇ ਅਮੀਰ, ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਅੱਜ ਕੁਵੈਤ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਸ਼ਾਮ ਨੂੰ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਪੀਐਮ ਮੋਦੀ ਕੁਵੈਤ ਵਿੱਚ ਅਰਬੀ ਗਲਫ ਕੱਪ ਦੇ ਉਦਘਾਟਨੀ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ।