ਕੈਬਿਨੇਟ ਮੀਟਿੰਗ ਦੇ ਨਾਲ ਹੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ
ਚੰਡੀਗੜ੍ਹ : ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਪੰਜਾਬ ਦਾ ਸਟੇਟ ਐਕਟ ਬਨਾਉਣ ਦੀ ਪ੍ਰਕਿਰਿਆ ਨੂੰ ਹੋਰ ਬੱਲ ਮਿਲਿਆ ਜਦ ਹਿੰਦੂ, ਮੁਸਲਮਾਨ, ਸਿੱਖ, ਇਸਾਈ ਚਾਰੇ ਧਰਮਾਂ ਦੇ ਪ੍ਰਮੁੱਖ ਵਿਚਾਰਵਾਨਾਂ ਨੇ ਤਿਆਰ ਹੋ ਰਹੇ ਖਰੜੇ ਤੇ ਸਹਿਮਤੀ ਜਿਤਾਈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਸਮਾਣਾ ਦੇ ਮੋਰਚਾ ਕੋਆਰਡੀਨੇਟਰ ਬਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਸਨਾਤਨ ਧਰਮ ਤੋਂ ਸੁਆਮੀ ਰਾਜੇਸ਼ਵਰ ਨੰਦ , ਮੁਸਲਮਾਨ ਧਰਮ ਤੋਂ ਮੋਹੰਮਦ ਸਲੀਮ, ਦਿਲਬਰ ਖਾਨ , ਸਿੱਖ ਧਰਮ ਤੋਂ ਬਾਬਾ ਸੁਖਦੇਵ ਸਿੰਘ ਨਾਨਕਸਰ ਵਾਲੇ, ਇਸਾਈ ਧਰਮ ਤੋਂ ਵਿਲੀਅਮ ਸਹੋਤਾ ਨੇ ਇਸ ਸਿਲਸਿਲੇ ਵਿੱਚ ਪੰਜਾਬ ਪੁਲਿਸ ਦੇ ਬੀਓਆਈ ਦੇ ਡਾਇਰੈਕਟਰ ਐਲਕੇ ਯਾਦਵ ਨਾਲ ਪੰਜਾਬ ਪੁਲਿਸ ਹੈਡ ਕੁਾਰਟਰ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ।
ਇਸ ਮੀਟਿੰਗ ਵਿੱਚ ਏਡੀਜੀਪੀ ਯਾਦਵ ਨੇ ਬਣ ਰਹੇ ਸਟੇਟ ਐਕਟ ਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਰੇ ਧਰਮਾਂ ਦੇ ਆਗੂਆਂ ਨਾਲ ਸਾਂਝੀ ਕੀਤੀ। ਸੁਆਮੀ ਰਜੇਸ਼ਵਰ ਅਨੰਦ ਜੀ ਨੇ ਇਸ ਕਾਨੂੰਨ ਨੂੰ ਬਣਾਉਣ ਲਈ ਸੰਘਰਸ਼ ਕਰ ਰਹੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਉਦਮ ਦੀ ਸ਼ਲਾਘਾ ਕੀਤੀ ਅਤੇ ਕਾਨੂੰਨ ਬਣਾਉਣ ਦੇ ਇਸ ਪ੍ਰਕਿਰਿਆ ਦਾ ਸਵਾਗਤ ਕੀਤਾ। ਸ਼ਾਹੀ ਇਮਾਮ ਪੰਜਾਬ ਦੇ ਮਾਰਫਤ ਮੀਟਿੰਗ ਵਿੱਚ ਸ਼ਾਮਿਲ ਹੋਏ ਮੁਹੰਮਦ ਸਲੀਮ ਅਤੇ ਦਿਲਬਰ ਖਾਨ ਨੇ ਜੋਰ ਦੇ ਕੇ ਕਿਹਾ ਕਿ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਲਈ ਸਖਤ ਤੋਂ ਸਖਤ ਸਜਾ ਦਾ ਕਾਨੂੰਨ ਤੁਰੰਤ ਪਾਸ ਹੋਣਾ ਪੰਜਾਬ ਲਈ ਬਹੁਤ ਜਰੂਰੀ ਹੈ। ਪਟਿਆਲਾ ਤੋਂ ਪਹੁੰਚੇ ਬਾਬਾ ਸੁਖਦੇਵ ਸਿੰਘ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਸਖਤ ਕਾਨੂੰਨ ਬਣਾਉਣ ਦੇ ਕੀਤੇ ਗਏ ਐਲਾਨ ਦਾ ਸਵਾਗਤ ਕੀਤਾ ਅਤੇ ਟਾਵਰ ਮੋਰਚਾ ਸਮਾਣਾ ਦੀ ਸਾਰੀ ਟੀਮ ਦੇ ਉਦਮ ਦੀ ਸਲਾਹਨਾ ਕੀਤੀ।
ਕੈਥੋਲਿਕ ਚਰਮ ਦੀ ਨੁਮਾਇੰਦਗੀ ਕਰਦੇ ਹੋਏ ਪਾਸਟਰ ਵਿਲੀਅਮ ਨੇ ਬਣ ਰਹੇ ਇਸ ਸਟੇਟ ਐਕਟ ਨੂੰ ਸਮੇਂ ਦੀ ਲੋੜ ਦੱਸਿਆ। ਟਾਵਰ ਮੋਰਚੇ ਦੇ ਕੋਆਰਡੀਨੇਟਰ ਅਤੇ ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ 28 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨਾਲ ਸਟੇਟ ਐਕਟ ਬਣਾਉਣ ਸਬੰਧੀ ਹੋਈ ਬੈਠਕ ਤੋਂ ਬਾਅਦ ਕਾਨੂੰਨ ਹੋਣ ਦੀ ਪ੍ਰਕਿਰਿਆ ਬਹੁਤ ਤੇਜੀ ਨਾਲ ਚੱਲ ਰਹੀ ਹੈ। ਰੋਜਾਨਾ ਇਸ ਸਬੰਧੀ ਉੱਚ ਅਫਸਰਾਂ ਨਾਲ ਮੀਟਿੰਗਾਂ ਹੋ ਰਹੀਆਂ ਹਨ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਬੜੀ ਸੰਜੀਦਗੀ ਦੇ ਨਾਲ ਇਸ ਐਕਟ ਨੂੰ ਬਣਾਉਣ ਲਈ ਕਾਰਸ਼ੀਲ ਨੇ, ਸ੍ਰੀ ਐਲ.ਕੇ. ਯਾਦਵ ਜਿੰਨ੍ਹਾ ਨੂੰ ਇਸ ਕਾਰਜ ਦੀ ਜਿੰਮੇਵਾਰੀ ਮੱਖ ਮੰਤਰੀ ਸਾਹਿਬ ਨੇ ਲਗਾਈ ਹੈ, ਸਟੇਟ ਐਕਟ ਡਰਾਫਟ ਨੂੰ ਸਮਰਪਿਤ ਹੋਕੇ ਅੰਤਿਮ ਛੋਹਾਂ ਦੇ ਰਹੇ ਹਨ। ਇਸ ਮੌਕੇ ਮੋਰਚੇ ਦੇ ਸੇਵਾਦਾਰਾਂ ਤਲਵਿੰਦਰ ਸਿੰਘ ਔਲਖ, ਧਰਮੀ ਫੌਜੀ ਮਲਕੀਤ ਸਿੰਘ, ਚੇਅਰਮੈਨ ਹਰਿੰਦਰ ਸਿੰਘ, ਕੁਲਵਿੰਦਰ ਸਿੰਘ ਸਿਧੂ, ਬੇਅੰਤ ਸਿੰਘ ਚੀਮਾ, ਜੱਸਾ ਸਿੰਘ, ਰੱਮੀ ਸਿੰਘ ਸਹਿਗਲ, ਗੁਰਦੀਪ ਸਿੰਘ ਭੁੱਲਰ, ਪ੍ਰਗਟ ਸਿੰਘ, ਮੁਖਤਿਆਰ ਸਿੰਘ, ਸੁਖਜਿੰਦਰ ਸਿੰਘ, ਜਰਨੈਲ ਸਿੰਘ, ਸੁਖਵਿੰਦਰ ਸਿੰਘ ਫੌਜੀ, ਸਾਹਿਬ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 10 ਜੁਲਾਈ ਤੱਕ ਕੈਬਨਿਟ ਮੀਟਿੰਗ ਦੇ ਨਾਲ ਹੀ ਵਿਧਾਨ ਸਭਾ ਦਾ ਇਜ਼ਲਾਸ ਵੀ ਤੁਰੰਤ ਬੁਲਾਕੇ, ਇਸ ਕਾਨੂੰਨ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ, ਤਾਂਕਿ ਭਾਈ ਗੁਰਜੀਤ ਸਿੰਘ ਖਾਲਸਾ ਜੋ ਕਿ ਸਖਤ ਬਿਮਾਰੀ ਦੀ ਹਾਲਤ ਵਿੱਚ ਨੇ, ਟਾਵਰ ਤੋਂ ਹੇਠਾਂ ਆ ਕੇ ਆਪਣਾ ਇਲਾਜ਼ ਕਰਵਾ ਸਕਣ।