ਫੈਕਟ ਸਮਾਚਾਰ ਸੇਵਾ
ਮੁਹਾਲੀ, ਸਤੰਬਰ 3
ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਵੱਲੋਂ ਪੰਜਾਬ ਸੂਬੇ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਪਸ਼ੂ ਪਾਲਕਾਂ ਦੇ ਹਿਤ ਨੂੰ ਪਹਿਲ ਦਿੰਦੇ ਹੋਏ ਆਪਣੀ ਪੇਅ-ਪੈਰਿਟੀ, ਡੀ.ਏ.ਸੀ.ਪੀ. ਅਤੇ ਸਬੰਧਿਤ ਮੰਗਾਂ ਲਈ ਵਿੱਢਿਆ ਸੰਘਰਸ਼ ਫਿਲਹਾਲ ਕੁੱਝ ਸਮੇਂ ਲਈ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਵੈਟਨਰੀ ਡਾਕਟਰ ਪਿਛਲੇ ਸਾਢੇ ਚਾਰ ਸਾਲ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਨਰਾਜ਼ ਚੱਲ ਰਹੇ ਹਨ ਅਤੇ ਸੰਘਰਸ਼ ਦੇ ਰਾਹ ਤੇ ਹਨ। ਇੰਨ੍ਹਾਂ ਮੰਗਾਂ ਵਿੱਚ ਵੈਟਨਰੀ ਅਫਸਰਾਂ ਦੀ ਮੈਡੀਕਲ ਅਫਸਰਾਂ ਨਾਲ ਪੇਅ-ਪੈਰਿਟੀ ਬਹਾਲ ਕਰਵਾਉਣਾ ਅਤੇ ਡੀ.ਏ.ਸੀ.ਪੀ. ਸਕੀਮ ਮੁੜ ਲਾਗੂ ਕਰਵਾਉਣ ਤੋਂ ਬਿਨ੍ਹਾਂ ਐਚ.ਆਰ.ਏ. ਆਨ ਐਨ.ਪੀ.ਏ. ਅਤੇ ਪਰੋਬੇਸ਼ਨ ਦੌਰਾਨ ਪੂਰੀ ਤਨਖਾਹ ਹਾਸਿਲ ਕਰਨਾ ਹੈ। ਇਸ ਸਬੰਧੀ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਦੇ ਕਨਵੀਨਰ ਡਾਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵੈਟਨਰੀ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਿਤੀ 11 ਅਗਸਤ 2025 ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਸੀ ਅਤੇ ਸਰਕਾਰ ਖ਼ਿਲਾਫ਼ ਰੋਸ ਮਾਰਚ ਵੀ ਕੱਢਿਆ ਸੀ । ਇਸ ਧਰਨੇ ਤੋਂ ਬਾਅਦ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਘਾਰਾ ਨਾ ਆਉਣ ਕਾਰਨ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਵੱਲੋਂ ਇੱਕ ਹੋਰ ਸੂਬਾ ਪੱਧਰੀ ਧਰਨਾ ਅਤੇ ਰੋਸ ਮਾਰਚ ਉਲੀਕ ਲਿਆ ਗਿਆ ਸੀ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸਿਰਫ ਐਲਾਨ ਕਰਨਾ ਹੀ ਬਾਕੀ ਸੀ ਪਰ ਹੜ੍ਹਾਂ ਦੀ ਕਰੋਪੀ ਨੇ ਪੰਜਾਬ ਸੂਬੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਲਈ ਇਸ ਸਮੇਂ ਸੂਬੇ ਦੇ ਪਸ਼ੂ ਪਾਲਕਾਂ ਨੂੰ ਆਪਣੇ ਕੀਮਤੀ ਪਸ਼ੂਧੰਨ ਨੂੰ ਹੜ੍ਹਾਂ ਦੀ ਮਾਰ ਕਾਰਨ ਸੰਭਾਵਿਤ ਬਿਮਾਰੀਆਂ ਤੋਂ ਬਚਾਉਣ ਲਈ ਵੈਟਨਰੀ ਡਾਕਟਰਾਂ ਦੀਆਂ ਸੇਵਾਵਾਂ ਦੀ ਅਹਿਮ ਜ਼ਰੂਰਤ ਹੋਣ ਕਾਰਨ ਪ੍ਰੋਫੈਸਨਲ ਅਤੇ ਐਥਿਕਸ ਧਰਮ ਪ੍ਰਤੀ ਆਪਣੇ ਫਰਜ਼ ਨੂੰ ਪਹਿਲ ਦਿੰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਵੱਲੋਂ ਸਰਕਾਰ ਖਿਲਾਫ ਵਿੱਢੇ ਸੰਘਰਸ਼ ਨੂੰ ਫਿਲਹਾਲ ਕੁੱਝ ਸਮੇਂ ਲਈ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਭਾਵੇਂ ਪੰਜਾਬ ਸਰਕਾਰ ਵੈਟਨਰੀ ਡਾਕਟਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਜਾਇਜ਼ ਮੰਗਾਂ ਨੂੰ ਵੀ ਲਮਕਾਈ ਬੈਠੀ ਹੈ ਪਰ ਪੰਜਾਬ ਦੇ ਸਮੂਹ ਵੈਟਨਰੀ ਡਾਕਟਰ ਇਸ ਔਖੇ ਸਮੇਂ ਵਿੱਚ ਪੰਜਾਬ ਦੇ ਪਸ਼ੂ ਪਾਲਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ, ਪੂਰੀ ਦ੍ਰਿੜਤਾ ਨਾਲ ਹੜ੍ਹਾਂ ਦੀ ਗੰਭੀਰ ਸਥਿਤੀ ਵਿੱਚ ਵੀ ਕਾਰਜਸ਼ੀਲ ਹਨ ਅਤੇ ਅੱਗੇ ਵਧਕੇ ਸੇਵਾ ਨਿਭਾ ਰਹੇ ਹਨ ਅਤੇ ਇਸ ਔਖੀ ਘੜੀ ਵਿੱਚ ਪਸ਼ੂ ਪਾਲਕਾਂ ਨਾਲ ਖੜ੍ਹੇ ਹਨ। ਸਾਰੇ ਵੈਟਨਰੀ ਡਾਕਟਰਾਂ ਨੂੰ ਅਪੀਲ ਹੈ ਕਿ ਦਸਵੰਧ ਕੱਢਦੇ ਹੋਏ ਪ੍ਰਭਾਵਿਤ ਪਸ਼ੂ ਪਾਲਕਾਂ ਦੀ ਸਿੱਧੀ ਮੱਦਦ ਵੀ ਕਰਨ।