View in English:
April 15, 2025 12:17 pm

ਗੁਰਦੇਵ ਪਾਲ ਦੀ ਸਵੈ-ਜੀਵਨੀ ਪੰਜਾਬੀ ਲੇਖਕ ਸਭਾ ਨੇ ਕੀਤੀ ਲੋਕ ਅਰਪਣ

ਚੰਡੀਗੜ੍ਹ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਪੰਜਾਬ ਕਲਾ ਭਵਨ ਵਿਖੇ ਪ੍ਰਿੰਸੀਪਲ ਗੁਰਦੇਵ ਪਾਲ ਦੀ ਸਵੈ-ਜੀਵਨੀ “ਰੂਹ ਦੀ ਖ਼ੁਰਾਕ: ਧੜਕਣ ਦਾ ਰੋਜ਼ਨਾਮਚਾ” ਦਾ ਲੋਕ ਅਰਪਣ ਸਮਾਰੋਹ ਇਕ ਭਰਵੇਂ ਇਕੱਠ ਵਿੱਚ ਕਰਵਾਇਆ ਜਿਸ ਵਿੱਚ ਪੰਜਾਬੀ ਸਾਹਿਤ ਨਾਲ ਜੁੜੀਆਂ ਕਈ ਅਹਿਮ ਸ਼ਖ਼ਸੀਅਤਾਂ ਤੋਂ ਇਲਾਵਾ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਪਾਲ ਪਰਿਵਾਰ ਦੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਪੁਸਤਕ ਰਿਲੀਜ਼ ਕਰਨ ਸਮੇਂ ਲੇਖਿਕਾ ਗੁਰਦੇਵ ਪਾਲ ਤੋਂ ਇਲਾਵਾ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਸਵਰਾਜਬੀਰ, ਮੁੱਖ ਮਹਿਮਾਨ ਡਾ. ਸਰਬਜੀਤ ਸਿੰਘ, ਵਿਸ਼ੇਸ਼ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ, ਮੁੱਖ ਬੁਲਾਰੇ ਗੁਰਨਾਮ ਕੰਵਰ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਏ. ਐੱਸ. ਪਾਲ, ਰਾਹਤ ਵਿਰਕ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ । ਮੁੱਖ ਬੁਲਾਰੇ ਵਜੋਂ ਬੋਲਦਿਆਂ ਉੱਘੇ ਲੇਖਕ ਅਤੇ ਚਿੰਤਕ ਗੁਰਨਾਮ ਕੰਵਰ ਨੇ ਕਿਹਾ ਕਿ ਲੇਖਿਕਾ ਦੇ ਅੰਦਰ ਦਾ ਇਨਕਲਾਬ ਸ਼ਬਦਾਂ ਰਾਹੀਂ ਪਰਗਟ ਹੋਇਆ ਹੈ |

ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਅੱਜ ਯੁੱਗ ਵਿਚ ਅਜੇਹੀ ਮੁਹੱਬਤ ਲੱਭਣੀ ਬਹੁਤ ਔਖੀ ਹੈ ਜਿਹੜੀ ਇਸ ਪੁਸਤਕ ਰਾਹੀਂ ਨਜ਼ਰ ਆਉਂਦੀ ਹੈ | ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਇਹ ਪੁਸਤਕ ਸੱਚ ਦੀ ਅੱਖਰਕਾਰੀ ਹੈ |.ਉੱਘੇ ਚਿੰਤਕ ਅਤੇ ਅਧਿਆਪਕ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਧੜਕਣਾਂ ਦਾ ਲੇਖਾ ਜੋਖਾ ਕਰਨ ਲਈ ਵੱਡਾ ਜਿਗਰਾ ਚਾਹੀਦਾ ਹੈ | ਨਿਵੇਕਲੀ ਵਿਧਾ ਵਿਚ ਲਿਖੀ ਸਵੈ-ਜੀਵਨੀ “ਰੂਹ ਦੀ ਖ਼ੁਰਾਕ: ਧੜਕਣ ਦਾ ਰੋਜ਼ਨਾਮਚਾ” ਦੀ ਲੇਖਿਕਾ ਪ੍ਰਿੰਸੀਪਲ ਗੁਰਦੇਵ ਪਾਲ ਨੇ ਕਿ ਮੁਹੱਬਤੀ ਰਿਸ਼ਤਿਆਂ ਨੂੰ ਸੱਚੋ ਸੱਚ ਬਿਆਨ ਕਰਦਿਆਂ ਉਹਨਾਂ ਸਦਾ ਚਾਨਣ ਦੀ ਬਾਂਹ ਫੜੀ ਅਤੇ ਲਿਖ ਦਿੱਤਾ |

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਜਜ਼ਬਾਤ ਤੋਂ ਬਿਨਾਂ ਕੋਈ ਵੀ ਵਿਚਾਰਧਾਰਾ ਅਧੂਰੀ ਹੈ |
ਉੱਘੇ ਲੇਖਕ, ਆਲੋਚਕ, ਚਿੰਤਕ ਅਤੇ ਨਾਟਕਕਾਰ ਡਾ. ਸਵਰਾਜਬੀਰ ਨੇ ਆਖਿਆ ਕੇ ਗੁਰਦੇਵ ਪਾਲ ਨੇ ਆਪਣੀਆਂ ਭਾਵਨਾਵਾਂ ਤੇ ਕੋਈ ਮੁਲੰਮਾ ਨਹੀਂ ਚਾੜ੍ਹਿਆ ਅਤੇ ਸੌੜੇ ਹਿੱਤਾਂ ਤੋਂ ਮੁਕਤ ਹੋ ਕੇ ਇਹ ਕਿਤਾਬ ਸਿਰਜੀ ਹੈ |

ਮਨਮੋਹਨ ਸਿੰਘ ਦਾਊਂ ਨੇ ਆਪਣੀ ਇਕ ਨਜ਼ਮ ਰਾਹੀਂ ਲੇਖਿਕਾ ਦੇ ਬਿਖੜੇ ਪੈਂਡਿਆਂ ਨੂੰ ਸਤਿਕਾਰ ਦਿੱਤਾ| ਸੀਨੀਅਰ ਐਡਵੋਕੇਟ ਮਨਜੀਤ ਸਿੰਘ ਖਹਿਰਾ ਨੇ ਕਿਹਾ ਕਿ ਸਮੇਂ ਅਤੇ ਹਾਲਾਤ ਚੋਂ ਨਿਕਲਿਆ ਇਹ ਸੱਚ ਸਿਜਦੇ ਦੇ ਕਾਬਿਲ ਹੈ | ਡਾ. ਕੰਵਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਗੁਰਦੇਵ ਪਾਲ ਸਿਰੜ, ਸਿਦਕ ਅਤੇ ਪ੍ਰਤੀਬੱਧਤਾ ਦੀ ਨੁਮਾਇੰਦਗੀ ਕਰਦੀ ਹੈ | ਅਮਰਜੀਤ ਕੌਰ ਕੋਮਲ ਨੇ ਆਖਿਆ ਕਿ ਲੇਖਿਕਾ ਦਾ ਸਹਿਜਤਾ ਵਾਲਾ ਅੰਦਾਜ਼ ਵਿਲੱਖਣ ਹੈ | ਬਲਕਾਰ ਸਿੱਧੂ ਨੇ ਇਸ ਨੂੰ ਅਵੱਲ ਦਰਜੇ ਦੀ ਸਵੈ-ਜੀਵਨੀ ਦੱਸਿਆ | ਸਿਰੀ ਰਾਮ ਅਰਸ਼ ਨੇ ਇਸ ਨੂੰ ਮੁਹੱਬਤ ਦਾ ਦਸਤਾਵੇਜ਼ ਕਿਹਾ | ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਰੂਹ ਦੀ ਖ਼ੁਰਾਕ ਦਾ ਅਹਿਸਾਸ ਇਸ ਪੁਸਤਕ ਦਾ ਹਾਸਿਲ ਹੈ ।ਪਰਮਜੀਤ ਕੌਰ ਪਰਮ ਨੇ ਲੇਖਿਕਾ ਨੂੰ ਦ੍ਰਿੜਤਾ ਨਾਲ ਪ੍ਰਗਟਾਵਾ ਕਰਨ ਦੇ ਸਮਰੱਥ ਦੱਸਿਆ ।

ਉੱਭਰ ਰਹੇ ਚਿੱਤਰਕਾਰ ਮੀਤ ਰੰਗਰੇਜ਼ ਨੇ ਕਿਤਾਬ ਦੇ ਸਰਵਰਕ ਦਾ ਚਿੱਤਰ ਲੇਖਿਕਾ ਗੁਰਦੇਵ ਪਾਲ ਨੂੰ ਭੇਂਟ ਕੀਤਾ ।
ਧੰਨਵਾਦੀ ਸ਼ਬਦਾਂ ਵਿੱਚ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਇਸ ਨਿਵੇਕਲੀ ਕੋਸ਼ਿਸ਼ ਵਾਸਤੇ ਵਧਾਈ ਦਿੱਤੀ ।

Leave a Reply

Your email address will not be published. Required fields are marked *

View in English