View in English:
April 16, 2025 9:23 am

ਗਲੋਬਲ ਸਿੱਖ ਕੌਂਸਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਬੰਧੀ ਵਿਸ਼ਵ ਭਰ ਚ ‘ਸਹਿਜ ਪਾਠ’ ਦੇ ਭੋਗ ਪਾਉਣ ਦੀ ਅਪੀਲ

ਚੰਡੀਗੜ੍ਹ, 15 ਅਪ੍ਰੈਲ, 2025 – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿਨ ਸੇਵਕ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਨਿੱਘੀ ਸ਼ਰਧਾਂਜਲੀ ਦਿੰਦੇ ਹੋਏ ਗਲੋਬਲ ਸਿੱਖ ਕੌਂਸਲ (ਜੀਐਸਸੀ) ਨੇ ਦੁਨੀਆ ਭਰ ਦੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਸਹਿਜ ਪਾਠਾਂ’ ਦੇ ਵੱਡੇ ਪੱਧਰ ‘ਤੇ ਪਾਠ ਕਰਨ ਦੀ ਲੜੀ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਕੌਂਸਲ ਨੇ ਅਪੀਲ ਕੀਤੀ ਹੈ ਕਿ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ਮੌਕੇ ਵਿਸ਼ਵ ਪੱਧਰ ‘ਤੇ ਪਾਏ ਜਾਣ ਵਾਲੇ ਸਮੂਹਿਕ ‘ਪਾਠਾਂ ਦੇ ਭੋਗ’ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ 24 ਨਵੰਬਰ, 2025 ਤੋਂ ਪਹਿਲਾਂ ਸਾਰੇ ਸਹਿਜ ਪਾਠ ਸੰਪੂਰਨ ਕੀਤੇ ਜਾਣ।

ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ ਅਤੇ ਪੂਰੀ ਸਿੱਖ ਕੌਮ ਨੂੰ ਸੰਦੇਸ਼ ਦਿੰਦੇ ਹੋਏ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ ਅਤੇ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਪਹਿਲ ਦਾ ਉਦੇਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਜਾਗਰੂਕਤਾ ਫੈਲਾਉਣਾ ਹੈ ਜਿਨ੍ਹਾਂ ਨੇ ਨੇਕੀ, ਧਾਰਮਿਕ ਆਜ਼ਾਦੀ ਅਤੇ ਮਾਨਵਤਾ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਇੰਨਾਂ ਸਮੂਹਿਕ ਯਤਨਾਂ ਰਾਹੀਂ ਜੁੱਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 115 ‘ਸ਼ਬਦਾਂ’ ਅਤੇ ‘ਸਲੋਕਾਂ’ ਨਾਲ ਸਿੱਖਾਂ ਦੇ ਅਧਿਆਤਮਿਕ ਸਬੰਧ ਨੂੰ ਹੋਰ ਪਕੇਰਾ ਕਰਨ ਦੀ ਕੋਸ਼ਿਸ਼ ਹੈ ਜੋ ਉਨ੍ਹਾਂ ਦੇ ਬ੍ਰਹਮ ਗਿਆਨ ਅਤੇ ਸਦੀਵੀ ਸਿੱਖਿਆਵਾਂ ‘ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਦਾ ਹੈ।

ਇਸ ਤੋਂ ਇਲਾਵਾ ਜੀਐਸਸੀ ਨੇ ਸੱਚਾ, ਦਇਆ ਅਤੇ ਨਿਰਸਵਾਰਥ ਸੇਵਾ ਵਾਲਾ ਜੀਵਨ ਜਿਉਣ ‘ਤੇ ਜ਼ੋਰ ਦਿੰਦੇ ਹੋਏ ਸਿੱਖਾਂ ਨੂੰ ਗੁਰਬਾਣੀ ਅਤੇ ਗੁਰਮਤਿ ਦੇ ਅਸਲ ਤੱਤ ਨੂੰ ਗ੍ਰਹਿਣ ਕਰਨ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਦੁਨੀਆ ਭਰ ਦੇ ਸਿੱਖਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸਲੋਕਾਂ ਦਾ ਪਾਠ ਕਰਨ, ਸਮਝਣ ਅਤੇ ਲਾਗੂ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ ਜੋ ਮਾਨਵੀ ਏਕਤਾ, ਸ਼ਾਂਤੀ ਅਤੇ ਮਨੁੱਖਤਾ ਦੀ ਉੱਨਤੀ ਨੂੰ ਉਤਸ਼ਾਹਿਤ ਕਰਦੇ ਹਨ।
ਕੌਂਸਲ ਨੇ ਕਿਹਾ ਕਿ ਧਰਮ ਅਤੇ ਮਨੁੱਖੀ ਅਧਿਕਾਰਾਂ ਦੇ ਰੱਖਿਅਕ ਗੁਰੂ ਤੇਗ਼ ਬਹਾਦਰ ਜੀ ਨੂੰ ਦੇਸ਼-ਵਿਦੇਸ਼ ਵਿੱਚ ‘ਧੰਨ ਗੁਰੂ ਤੇਗ਼ ਬਹਾਦਰ, ਧਰਮ ਦੀ ਚਾਦਰ’ ਵਜੋਂ ਸਤਿਕਾਰਿਆ ਜਾਂਦਾ ਹੈ ਅਤੇ ‘ਜ਼ੁਲਮ ਨਾ ਕਰਨ ਅਤੇ ਜ਼ੁਲਮ ਨਾ ਸਹਿਣ’ ਵਿਰੁੱਧ ਉਨ੍ਹਾਂ ਦੇ ਅਟੱਲ ਸਟੈਂਡ ਦੀ ਸਰਾਹਨਾ ਕੀਤੀ ਜਾਂਦੀ ਹੈ। ਇਸ ਵਿਲੱਖਣਤਾ ਦੇ ਮੱਦੇਨਜ਼ਰ ਜੀਐਸਸੀ ਦਾ ਮੰਨਣਾ ਹੈ ਕਿ ਸਹਿਜ ਪਾਠ ਕਰਨ ਦੀ ਇਹ ਪਹਿਲਕਦਮੀ ਉਨ੍ਹਾਂ ਦੀ ਅਧਿਆਤਮਿਕ ਵਿਰਾਸਤ ਨੂੰ ਮੁੜ ਸੁਰਜੀਤ ਕਰੇਗੀ ਅਤੇ ਪੀੜ੍ਹੀਆਂ ਤੱਕ ਸਿੱਖੀ ਭਾਵਨਾ ਨੂੰ ਮਜ਼ਬੂਤ ​​ਕਰਦੀ ਹੋਈ ਗੁਰਮਤਿ ਕਦਰਾਂ-ਕੀਮਤਾਂ ਦੇ ਪ੍ਰਚਾਰ ਤੇ ਪਸਾਰ ਵਿੱਚ ਸਹਾਇਤਾ ਕਰੇਗੀ।
ਗਲੋਬਲ ਸਿੱਖ ਕੌਂਸਲ ਨੇ ਸਾਰੇ ਗੁਰਦੁਆਰਿਆਂ, ਸਿੱਖ ਸੰਸਥਾਵਾਂ ਅਤੇ ਆਮ ਸ਼ਰਧਾਲੂਆਂ ਨੂੰ 24 ਨਵੰਬਰ, 2025 ਨੂੰ ਸ਼ਹੀਦੀ ਪੁਰਬ ਤੋਂ ਪਹਿਲਾਂ-ਪਹਿਲਾਂ ਸਹਿਜ ਪਾਠ ਸੰਪੂਰਨ ਕਰਨ ਅਤੇ ਗੁਰਬਾਣੀ ਵਿਚਾਰ ਦੇ ਪ੍ਰੋਗਰਾਮ ਆਯੋਜਿਤ ਕਰਨ ਦੀ ਨਿਮਰਤਾ ਸਹਿਤ ਅਪੀਲ ਕੀਤੀ ਹੈ।

Leave a Reply

Your email address will not be published. Required fields are marked *

View in English