ਭਾਰਤੀ ਕ੍ਰਿਕਟ ਟੀਮ ਦੇ ਕੋਚ ਅਤੇ ਸਾਬਕਾ ਸੰਸਦ ਮੈਂਬਰ ਗੌਤਮ ਗੰਭੀਰ ਨੂੰ ‘ISIS ਕਸ਼ਮੀਰ’ ਵੱਲੋਂ ਈਮੇਲ ਰਾਹੀਂ ਧਮਕੀ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੰਭੀਰ ਦੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਕੀ ਹੈ ਮਾਮਲਾ?
ਧਮਕੀ ਵਾਲੀ ਈਮੇਲ ਬੁੱਧਵਾਰ ਨੂੰ ਮਿਲੀ, ਜਿਸ ਤੋਂ ਤੁਰੰਤ ਬਾਅਦ ਗੰਭੀਰ ਨੇ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਸਦੀ ਅਤੇ ਉਸਦੇ ਪਰਿਵਾਰ ਦੀ ਰੱਖਿਆ ਯਕੀਨੀ ਬਣਾਈ ਜਾਵੇ। ਇਹ ਗੰਭੀਰ ਲਈ ਪਹਿਲੀ ਵਾਰ ਨਹੀਂ ਹੈ—ਉਹ 2021 ਅਤੇ 2022 ਵਿੱਚ ਵੀ ਧਮਕੀ ਭਰੀਆਂ ਈਮੇਲਾਂ ਮਿਲਣ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਚੁੱਕੇ ਹਨ।
ਪਹਿਲਗਾਮ ਹਮਲੇ ਨਾਲ ਸੰਬੰਧ
ਇਹ ਧਮਕੀ ਈਮੇਲ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਵਾਲੀ ਘਟਨਾ ਤੋਂ ਸਿਰਫ਼ 2 ਦਿਨ ਬਾਅਦ ਆਈ। ਗੰਭੀਰ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਸੀ:
“ਜੋ ਹੋਇਆ ਉਸ ਲਈ ਸ਼ਬਦ ਨਹੀਂ। ਪੀੜਤ ਪਰਿਵਾਰਾਂ ਲਈ ਦਿਲੋਂ ਦੁਆਵਾਂ। ਜਿੰਮੇਵਾਰਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਭਾਰਤ ਜਵਾਬ ਦੇਵੇਗਾ।”
ਸਰਕਾਰ ਦੀ ਕਾਰਵਾਈ
ਬੁੱਧਵਾਰ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਮੀਟਿੰਗ ਹੋਈ। ਇਸ ਵਿੱਚ ਪਾਕਿਸਤਾਨ ਵਿਰੁੱਧ 5 ਵੱਡੇ ਕਦਮ ਚੁੱਕਣ ਦੀ ਗੱਲ ਹੋਈ, ਜਿਸ ਵਿੱਚ ਸਿੰਧੂ ਜਲ ਸੰਧੀ ਮੁਅੱਤਲ ਕਰਨਾ ਵੀ ਸ਼ਾਮਲ ਹੈ।