ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਨਵੰਬਰ 5
ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਆਪਣੇ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨਾਲ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਰਿਹਾਇਸ਼ ‘ਤੇ ਪਹੁੰਚੇ। ਜਿੱਥੇ ਸੀਐਮ ਨਾਇਬ ਸੈਣੀ ਨੇ ਉਨ੍ਹਾਂ ਦਾ ਜ਼ੋਰਦਾਰ ਢੰਗ ਨਾਲ ਸਵਾਗਤ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਨਾਲ ਨਾਇਬ ਸਿੰਘ ਸੈਣੀ ਦੀ ਇਹ ਪਹਿਲੀ ਮੁਲਾਕਾਤ ਹੈ।
ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਪ੍ਰਮੁਖ ਗੁਰਿੰਦਰ ਸਿੰਘ ਢਿੱਲੋਂ ਤੇ ਜਸਦੀਪ ਗਿੱਲ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨਾਇਰ ਸਿੰਘ ਸੈਣੀ ਨੇ ਐਕਸ ਪੋਸਟ ਕੀਤੀ ਹੈ। ਉਨ੍ਹਾਂ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਅੱਜ ਮੁੱਖ ਮੰਤਰੀ ਆਵਾਸ ਸੰਤ ਕਬੀਰ ਕੁਟੀਰ ਪਹੁੰਚਣ ‘ਤੇ ਸਹਿ-ਪਰਿਵਾਰ ‘ਰਾਧਾ ਸਵਾਮੀ ਸਤਿਸੰਗ ਬਿਆਸ ਡੇਰਾ ਪ੍ਰਮੁੱਖ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਸਵਾਗਤ ਸਤਿਕਾਰ ਕਰ ਕੇ ਉਨ੍ਹਾਂ ਦਾ ਪਿਆਰ ਤੇ ਅਸ਼ੀਰਵਾਦ ਪ੍ਰਾਪਤ ਕੀਤਾ।’ ਮੁੱਖ ਮੰਤਰੀ ਨੇ ਅੱਗੇ ਲਿਖਿਆ ਕਿ ਸਮਾਜ ‘ਚ ਫੈਲੀਆਂ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ‘ਚ ਸੰਤਾਂ ਤੇ ਮਹਾਪੁਰਸ਼ਾਂ ਦਾ ਹਮੇਸ਼ਾ ਹੀ ਬੇਮਿਸਾਲ ਯੋਗਦਾਨ ਰਿਹਾ ਹੈ।