ਫੈਕਟ ਸਮਾਚਾਰ ਸੇਵਾ
ਕਪੂਰਥਲਾ, ਅਗਸਤ 11
ਨਾਮਵਰ ਪਰਿਵਾਰ ਨਾਲ ਸਬੰਧਿਤ ਸਾਬਕਾ ਕੌਂਸਲਰ ਬੀਬੀ ਭੁਪਿੰਦਰ ਕੌਰ ਵਾਲੀਆ ਭਾਵੇਂ ਅੱਜ ਸਾਡੇ ਵਿਚ ਨਹੀਂ ਰਹੇ ਪਰੰਤੂ ਉਨ੍ਹਾਂ ਵਲੋਂ ਕੌਂਸਲਰ ਵਜੋਂ ਤੇ ਨੂਰਪੁਰ ਦੋਨਾ ਬਹੁਮੰਤਵੀ ਖੇਤੀਬਾੜੀ ਸਭਾ ਦੇ ਪ੍ਰਧਾਨ ਵਜੋਂ ਨਿਭਾਈਆਂ ਗਈਆਂ ਸੇਵਾਵਾਂ ਸਦਾ ਯਾਦ ਰੱਖੀਆਂ ਜਾਣਗੀਆਂ। ਲੰਬਾ ਸਮਾਂ ਕੌਂਸਲਰ ਰਹੇ ਹਰਬੰਸ ਸਿੰਘ ਵਾਲੀਆ ਦੀ ਧਰਮ ਪਤਨੀ ਬੀਬੀ ਭੁਪਿੰਦਰ ਕੌਰ ਵਾਲੀਆ ਦਾ ਜਨਮ 1 ਅਪ੍ਰੈਲ 1950 ਨੂੰ ਫਤਿਹਗੜ੍ਹ ਜ਼ਿਲ੍ਹੇ ਦੇ ਪਿੰਡ ਜਮੀਤਗੜ੍ਹ ਮਨਹੇੜਾ ਵਿਚ ਸ: ਸੰਪੂਰਨ ਸਿੰਘ ਸਾਬਕਾ ਮੈਨੇਜਰ ਬਾਗਬਾਨੀ ਵਿਭਾਗ ਤੇ ਮਾਤਾ ਹਰਬੰਸ ਕੌਰ ਦੇ ਘਰ ਹੋਇਆ। ਉਨ੍ਹਾਂ ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ।
1974 ਵਿਚ ਉਨ੍ਹਾਂ ਦਾ ਵਿਆਹ ਹਰਬੰਸ ਸਿੰਘ ਵਾਲੀਆ ਨਾਲ ਹੋਇਆ। ਉਨ੍ਹਾਂ ਆਪਣੇ ਪਤੀ ਨਾਲ ਰਾਜਨੀਤੀ ਤੇ ਲੋਕ ਸੇਵਾ ਵਿਚ ਉਨ੍ਹਾਂ ਦਾ ਡੱਟ ਕੇ ਸਾਥ ਦਿੱਤਾ। ਉਹ ਘਰ ਆਏ ਹਰ ਵਿਅਕਤੀ ਦਾ ਸਤਿਕਾਰ ਕਰਦੇ ਤੇ ਉਨ੍ਹਾਂ ਨੂੰ ਲੰਗਰ ਛਕਾ ਕੇ ਜਾਂ ਚਾਹ ਪਿਆਕੇ ਤੋਰਦੇ। ਧਾਰਮਿਕ ਬਿਰਤੀ ਦੀ ਮਾਲਕ ਤੇ ਸਹਿਜ ਸੁਭਾਅ ਵਾਲੀ ਬੀਬੀ ਭੁਪਿੰਦਰ ਕੌਰ ਵਾਲੀਆ ਦੋ ਵਾਰ ਕੌਂਸਲਰ ਤੇ ਦੋ ਵਾਰ ਹੀ ਨੂਰਪੁਰ ਦੋਨਾ ਬਹੁਮੰਤਵੀ ਖੇਤੀਬਾੜੀ ਸਭਾ ਦੇ ਪ੍ਰਧਾਨ ਵਜੋਂ ਕਾਰਜਸ਼ੀਲ ਰਹੇ। ਉਨ੍ਹਾਂ ਦੀ ਲੜਕੀ ਡਾ. ਸੁਖਦੀਪ ਕੌਰ ਐਸ.ਐਮ.ਓ. ਵਜੋਂ ਇੰਜ. ਜਗਦੀਪ ਸਿੰਘ ਵਾਲੀਆ ਤੇ ਇੰਜ. ਕਮਲਦੀਪ ਸਿੰਘ ਵਾਲੀਆ ਆਪਣੇ ਨਿੱਜੀ ਕਾਰੋਬਾਰਾਂ ਦੇ ਨਾਲ-ਨਾਲ ਸਮਾਜਿਕ ਖੇਤਰ ਵਿਚ ਵੀ ਚੰਗਾ ਸਥਾਨ ਰੱਖਦੇ ਹਨ।
ਬੀਬੀ ਭੁਪਿੰਦਰ ਕੌਰ ਵਾਲੀਆ ਨੇ ਆਪਣੇ ਜੀਵਨ ਦੇ ਅੰਤਲੇ 25 ਵਰ੍ਹੇ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨਾਲ ਲੜਦਿਆਂ ਗੁਜਾਰੇ। ਇਸ ਸਬੰਧੀ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਵੀ ਉਹ ਕਦੇ ਜੀਵਨ ਵਿਚ ਨਿਰਾਸ਼ ਨਹੀਂ ਹੋਏ। ਪਰੰਤੂ ਬੀਤੀ 31 ਜੁਲਾਈ ਨੂੰ ਇਸ ਬਿਮਾਰੀ ਨਾਲ ਜੂਝਦਿਆਂ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਬੀਬੀ ਭੁਪਿੰਦਰ ਕੌਰ ਵਾਲੀਆ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 12 ਅਗਸਤ ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਗ੍ਰਹਿ ਸਵੇਰੇ 11 ਵਜੇ ਪਵੇਗਾ। ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਦਇਆ ਰਾਮ ਮਨਸੂਰਵਾਲ ਦੋਨਾ ਵਿਖੇ ਦੁਪਹਿਰ 12:30 ਤੋਂ 2 ਵਜੇ ਤੱਕ ਹੋਵੇਗੀ। ਇਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।