ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਦਸੰਬਰ 31
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਸਰਕਾਰ ’ਤੇ ਜਾਣ ਬੁੱਝ ਕੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਲਗਾਏ ਹਨ। ਉਹਨਾਂ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੇ ਖਾਤੇ ਫਰੋਲ ਰਹੀ ਹੈ ਅਤੇ ਉਹਨਾਂ ਦੀ ਜਾਇਦਾਦ ਦੀ ਪੜਚੋਲ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਸਿਆਸੀ ਬਦਲਾਖੋਰੀ ’ਤੇ ਉਤਰੀ ਹੋਈ ਹੈ ਅਤੇ ਉਹਨਾਂ ਨੂੰ ਜੇਲ੍ਹ ਅੰਦਰ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਉਹ 3 ਮਹੀਨੇ ਹੀ ਮੁੱਖ ਮੰਤਰੀ ਰਹੇ ਹਨ ਅਤੇ ਸਿਰਫ 3 ਮਹੀਨਿਆਂ ਦਾ ਕਾਰਜਕਾਲ ਹੀ ਵਿਵਾਦਾਂ ਵਿਚ ਘੇਰਿਆ ਜਾ ਰਿਹਾ ਹੈ। ਉਹਨਾਂ ਨੇ 3 ਮਹੀਨਿਆਂ ਵਿਚ 60 ਲੱਖ ਰੁਪਏ ਖਾਣੇ ’ਤੇ ਖਰਚ ਕਰਨ ਦਾ ਵੀ ਖੰਡਨ ਕੀਤਾ ਅਤੇ ਕਿਹਾ ਕਿ ਉਹ ਨਾ ਤਾਂ ਮੀਟ ਖਾਂਦੇ ਹਨ ਅਤੇ ਨਾ ਹੀ ਸ਼ਰਾਬ ਪੀਂਦੇ ਹਨ ਤਾਂ ਫਿਰ ਇਹ ਖਰਚਾ ਕਿਵੇਂ ਹੋ ਸਕਦਾ ਹੈ।