ਫੈਕਟ ਸਮਾਚਾਰ ਸੇਵਾ
ਪ੍ਰਯਾਗਰਾਜ , ਜਨਵਰੀ 21
ਇੱਕ ਦੋ-ਸੀਟਰ ਏਅਰਕ੍ਰਾਫਟ ਅੱਜ ਕਰੀਬ 12 ਵਜੇ ਕੇਪੀ ਕਾਲਜ ਦੇ ਪਿੱਛੇ ਮੈਦਾਨ ਵਿੱਚ ਡਿੱਗ ਗਿਆ। ਹਾਲਾਂਕਿ, ਪਾਇਲਟ ਸਮੇਤ ਦੋਵਾਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਏਅਰਕ੍ਰਾਫਟ ਵਿੱਚ ਕੁਝ ਤਕਨੀਕੀ ਖ਼ਰਾਬੀ ਆ ਗਈ ਸੀ, ਜਿਸ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਏਅਰਕ੍ਰਾਫਟ ਕੇਪੀ ਕਾਲਜ ਦੇ ਮੈਦਾਨ ਦੇ ਉੱਪਰੋਂ ਹੁੰਦਾ ਹੋਇਆ ਤਾਲਾਬ ਵਿੱਚ ਡਿੱਗ ਕੇ ਫਸ ਗਿਆ। ਕੁਝ ਹੀ ਦੇਰ ਵਿੱਚ ਰੈਸਕਿਊ (ਬਚਾਅ) ਲਈ ਸੈਨਾ ਦੇ ਦੋ ਹੈਲੀਕਾਪਟਰ ਪਹੁੰਚ ਗਏ। ਹਾਲਾਂਕਿ, ਇਸ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਨੇ ਤਾਲਾਬ ਵਿੱਚ ਜਾ ਕੇ ਅੰਦਰ ਫਸੇ ਪਾਇਲਟ ਅਤੇ ਇੱਕ ਹੋਰ ਵਿਅਕਤੀ ਨੂੰ ਬਾਹਰ ਕੱਢ ਲਿਆ ਸੀ। ਇਸ ਦੌਰਾਨ ਸਥਾਨਕ ਪੁਲਿਸ ਫੋਰਸ ਐਂਬੂਲੈਂਸ ਸਮੇਤ ਮੌਕੇ ‘ਤੇ ਪਹੁੰਚ ਗਈ। ਪਾਇਲਟ ਅਤੇ ਉਸ ਦੇ ਸਾਥੀ ਨੂੰ ਹਸਪਤਾਲ ਲਿਜਾਇਆ ਗਿਆ। ਘਟਨਾ ਵਾਲੀ ਥਾਂ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।
ਪ੍ਰਤੱਖਦਰਸ਼ੀਆਂ ਅਨੁਸਾਰ ਜਦੋਂ ਏਅਰਕ੍ਰਾਫਟ ਤਾਲਾਬ ਵਿੱਚ ਡਿੱਗਿਆ ਤਾਂ ਬਹੁਤ ਜ਼ੋਰਦਾਰ ਆਵਾਜ਼ ਹੋਈ, ਜਿਸ ਨਾਲ ਲੋਕ ਘਬਰਾ ਗਏ। ਜਹਾਜ਼ ਵਿੱਚ ਦੋ ਲੋਕ ਬੈਠੇ ਦਿਖਾਈ ਦਿੱਤੇ, ਜੋ ਅੰਦਰੋਂ ਹੱਥ ਹਿਲਾ ਰਹੇ ਸਨ। ਦੂਜੇ ਪਾਸੇ, ਸੈਨਾ ਵੱਲੋਂ ਅਜੇ ਇਸ ਮਾਮਲੇ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਗਿਆ ਹੈ।







