ਫੈਕਟ ਸਮਾਚਾਰ ਸੇਵਾ
ਬੀਜਿੰਗ , ਜਨਵਰੀ 19
ਚੀਨ ਵਿੱਚ ਬੀਤੇ ਦਿਨ ਇੱਕ ਸਟੀਲ ਫੈਕਟਰੀ ਵਿੱਚ ਭਿਆਨਕ ਬਲਾਸਟ ਦੇਖਣ ਨੂੰ ਮਿਲਿਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 84 ਲੋਕ ਜ਼ਖਮੀ ਹਨ। ਇਸ ਧਮਾਕੇ ਤੋਂ ਬਾਅਦ ਚੀਨੀ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ‘ਇਨਰ ਮੰਗੋਲੀਆ’ ਖੇਤਰ ਵਿੱਚ ਸਥਿਤ ਇਸ ਸਟੀਲ ਫੈਕਟਰੀ ਦੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਧਮਾਕੇ ਤੋਂ ਬਾਅਦ ਫੈਕਟਰੀ ਵਿੱਚ ਮੌਜੂਦ 8 ਹੋਰ ਲੋਕ ਅਜੇ ਵੀ ਲਾਪਤਾ ਹਨ।
ਚੀਨ ਦੇ ਬਾਓਟੋ ਪ੍ਰਸ਼ਾਸਨ ਅਨੁਸਾਰ ਸਟੀਲ ਫੈਕਟਰੀ ਵਿੱਚ ਉਬਲਦੇ ਪਾਣੀ ਅਤੇ ਭਾਫ਼ ਲਈ ਇੱਕ ਸਟੋਰੇਜ ਟੈਂਕ ਬਣਾਇਆ ਗਿਆ ਸੀ, ਜਿਸ ਵਿੱਚ ਅਚਾਨਕ ਬਲਾਸਟ ਹੋ ਗਿਆ। ਇਹ ਧਮਾਕਾ ਬਾਓਟੋ ਸਥਿਤ ‘ਬਾਓਗਾਂਗ ਯੂਨਾਈਟਿਡ ਸਟੀਲ ਪਲਾਂਟ’ ਵਿੱਚ ਲਗਪਗ 3 ਵਜੇ ਹੋਇਆ। ਧਮਾਕਾ ਇੰਨਾ ਤੇਜ਼ ਸੀ ਕਿ ਆਲੇ-ਦੁਆਲੇ ਦੇ ਖੇਤਰਾਂ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। 8 ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਦੇ ਅਨੁਸਾਰ ਇਹ ਸਟੀਲ ਫੈਕਟਰੀ ਇੱਕ ਸਰਕਾਰੀ ਕੰਪਨੀ ਹੈ। ਇਸ ਧਮਾਕੇ ਦੀ ਖ਼ਬਰ ਪੂਰੀ ਦੁਨੀਆ ਵਿੱਚ ਅੱਗ ਵਾਂਗ ਫੈਲ ਗਈ ਹੈ।







