ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਦਸੰਬਰ 31
ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ NCR ਦੇ ਸ਼ਹਿਰਾਂ ਵਿੱਚ ਸਾਲ ਦੇ ਆਖਰੀ ਦਿਨ ਯਾਨੀ ਅੱਜ ਵੀ ਲੋਕਾਂ ਦੀ ਸਵੇਰ ਸੰਘਣੀ ਧੁੰਦ ਨਾਲ ਹੋਈ। ਸੰਘਣੀ ਧੁੰਦ ਕਾਰਨ ਸੜਕਾਂ ਅਤੇ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ (ਦਿੱਖ) ਜ਼ੀਰੋ ਰਹੀ, ਜਿਸ ਕਾਰਨ ਹਰ ਤਰ੍ਹਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਸੰਘਣੀ ਧੁੰਦ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਜ ਕੁੱਲ 148 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦੋਂ ਕਿ 150 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ ਹੈ। ਉਡਾਣਾਂ ਰੱਦ ਹੋਣ ਕਾਰਨ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਾਜਧਾਨੀ ਵਿੱਚ ਕੜਾਕੇ ਦੀ ਠੰਢ ਦੇ ਨਾਲ-ਨਾਲ ਲੋਕਾਂ ਨੂੰ ਪ੍ਰਦੂਸ਼ਣ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਅੱਜ ਵੀ ਦਿੱਲੀ-NCR ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਰਹੀ। ਅੱਜ ਸਵੇਰੇ ਦਿੱਲੀ ਦਾ ਔਸਤ AQI 384 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਦੱਸ ਦੇਈਏ ਕਿ NCR ਵਿੱਚ ਸੰਘਣੀ ਧੁੰਦ ਕਾਰਨ ਜਿੱਥੇ ਰੇਲ ਸੰਚਾਲਨ ‘ਤੇ ਅਸਰ ਪਿਆ ਹੈ, ਉੱਥੇ ਹੀ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਇੰਨਾ ਹੀ ਨਹੀਂ, ਧੁੰਦ ਜ਼ਿਆਦਾ ਹੋਣ ਕਾਰਨ ਹਾਈਵੇਅ ‘ਤੇ ਵਾਹਨ ਵੀ ਰੇਂਗਦੇ ਨਜ਼ਰ ਆਏ।
ਦੂਜੇ ਪਾਸੇ ਦਿੱਲੀ ਏਅਰਪੋਰਟ ਨੇ ਮੁਸਾਫ਼ਰਾਂ ਲਈ ਐਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ। ਅੱਜ 148 ਫਲਾਈਟਾਂ ਰੱਦ ਹੋ ਗਈਆਂ, ਜਦਕਿ 150 ਤੋਂ ਵੱਧ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨਾਂ ‘ਤੇ ਯਾਤਰੀ ਆਪਣੀਆਂ ਨਿਰਧਾਰਤ ਟ੍ਰੇਨਾਂ ਦੀ ਉਡੀਕ ਕਰ ਰਹੇ ਹਨ, ਕਿਉਂਕਿ ਘੱਟ ਵਿਜ਼ੀਬਿਲਟੀ ਕਾਰਨ ਕਈ ਟ੍ਰੇਨਾਂ ਲੇਟ ਹੋ ਰਹੀਆਂ ਹਨ।
ਸੰਘਣੀ ਧੁੰਦ ਕਾਰਨ ਫਲਾਈਟ ਆਪਰੇਸ਼ਨ ਫਿਲਹਾਲ CAT III ਪ੍ਰੋਟੋਕਾਲ ਤਹਿਤ ਕੀਤੇ ਜਾ ਰਹੇ ਹਨ। ਦਿੱਲੀ ਏਅਰਪੋਰਟ ਨੇ ਕਿਹਾ ਕਿ ਸਾਡੀਆਂ ਗਰਾਊਂਡ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਯਾਤਰੀਆਂ ਦੀ ਮਦਦ ਕਰ ਰਹੀਆਂ ਹਨ ਤਾਂ ਜੋ ਯਾਤਰਾ ਦਾ ਅਨੁਭਵ ਆਸਾਨ ਹੋ ਸਕੇ। ਹਵਾਈ ਅੱਡੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਡਾਣਾਂ ਦੇ ਤਾਜ਼ਾ ਅਪਡੇਟ ਲਈ ਆਪਣੀ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ।







