ਉੱਤਰਾਖੰਡ ਦੇ ਰਾਜਪਾਲ ਵੱਲੋਂ ਕਮਿਸ਼ਨਰ ਹਰਪ੍ਰੀਤ ਸੰਧੂ ਦੀ ਸਾਹਿਤਕ ਚਿੱਤਰਕਾਰੀ ਰਚਨਾ ਲਾਂਚ

ਫੈਕਟ ਸਮਾਚਾਰ ਸੇਵਾ

ਦੇਹਰਾਦੂਨ, ਦਸੰਬਰ 27

ਉੱਤਰਾਖੰਡ ਦੇ ਰਾਜਪਾਲ, ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਪਵਿੱਤਰ ਯਾਦ ਵਿੱਚ ਲੋਕ ਭਵਨ, ਦੇਹਰਾਦੂਨ ਵਿਖੇ ਕਰਵਾਏ ਵੀਰ ਬਾਲ ਦਿਵਸ ਸਮਾਰੋਹ ਦੌਰਾਨ ਵੀਰ ਬਾਲ ਦਿਵਸ ਨੂੰ ਸਮਰਪਿਤ ਸਾਹਿਤਕ ਚਿੱਤਰਕਾਰੀ ਬਰੋਸ਼ਰ ਲਾਂਚ ਕੀਤਾ। ਇਹ ਬਰੋਸ਼ਰ ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਵੱਲੋਂ ਤਿੰਨ ਗੁਰਧਾਮਾਂ ਦੀ ਪਵਿੱਤਰਤਾ ਅਤੇ ਇਤਿਹਾਸਕ ਮਹੱਤਤਾ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਬਰੋਸ਼ਰ ਵਿੱਚ ਦਰਸਾਏ ਗਏ ਤਿੰਨ ਗੁਰਧਾਮਾਂ ਵਿੱਚ ਗੁਰਦੁਆਰਾ ਠੰਡਾ ਬੁਰਜ, ਜਿੱਥੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੀ ਸ਼ਹਾਦਤ ਤੋਂ ਪਹਿਲਾਂ 1705 ਵਿੱਚ ਅਤਿ ਦੀ ਠੰਡ ਵਿੱਚ ਰੱਖਿਆ ਗਿਆ ਸੀ, ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਜ਼ਿੰਦਾ ਦੀਵਾਰ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਗੁਰਦੁਆਰਾ ਜੋਤੀ ਸਰੂਪ, ਜਿੱਥੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦਾ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸਸਕਾਰ ਕੀਤਾ ਗਿਆ ਸੀ। ਇਹ ਤਿੰਨੋ ਗੁਰਧਾਮ ਫ਼ਤਿਹਗੜ੍ਹ ਸਾਹਿਬ, ਪੰਜਾਬ ਵਿਖੇ ਸਸ਼ੋਭਿਤ ਹਨ।

ਇਸ ਸਮਾਗਮ ਦੌਰਾਨ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੂੰ ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਵੱਲੋਂ “ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਧਿਆਤਮਿਕ ਯਾਤਰਾ” ਸਿਰਲੇਖ ਵਾਲੀ ਧਾਰਮਿਕ ਵਿਰਾਸਤੀ ਕਿਤਾਬ ਭੇਟ ਕੀਤੀ ਗਈ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਇੱਕ ਦਸਤਾਵੇਜ਼ੀ ਫਿਲਮ ਦਿਖਾਈ ਗਈ ਜਿਸ ਵਿੱਚ ਨੌਵੇਂ ਸਿੱਖ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਦੇ ਸਫ਼ਰ ਨੂੰ ਦਰਸਾਇਆ ਗਿਆ।

ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਉਤਰਾਖੰਡ ਦੇ ਵਿਭਿੰਨ ਭਾਈਚਾਰਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਸਬੰਧਤ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਨਾਲ ਰੂ-ਬ-ਰੂ ਕਰਨ ਸਬੰਧੀ ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਦੀ ਇਸ ਨੇਕ ਅਤੇ ਦੂਰਦਰਸ਼ੀ ਪਹਿਲ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *

View in English