ਪੰਜਾਬ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਨਵੰਬਰ 21

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਅਦਾਲਤ ਦੀ ਆਫ਼ਿਸ਼ੀਅਲ ਨੋਟੀਫਿਕੇਸ਼ਨ ਅਨੁਸਾਰ, ਐਡਵੋਕੇਟ ਐਕਟ 1961 ਦੀ ਧਾਰਾ 16(2) ਤਹਿਤ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਇਹ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਸ. ਬੇਦੀ ਨੂੰ ਇਸ ਅਹੁਦੇ ‘ਤੇ ਨਾਮਜ਼ਦ ਕੀਤਾ ਗਿਆ ਹੈ।

ਐਡਵੋਕੇਟ ਜਨਰਲ ਬੇਦੀ ਬਠਿੰਡਾ ਜ਼ਿਲ੍ਹੇ ਦੇ ਫੂਲ ਸ਼ਹਿਰ ਨਾਲ ਸਬੰਧਤ ਹਨ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸਾਲ 2005 ਵਿੱਚ ਕਾਨੂੰਨ ‘ਚ ਗ੍ਰੈਜੂਏਟ ਕੀਤੀ ਅਤੇ ਆਪਣੇ ਚਾਚੇ ਦੀ ਅਗਵਾਈ ਹੇਠ ਰਾਮਪੁਰਾ ਫੂਲ ਵਿਖੇ ਪ੍ਰੈਕਟਿਸ ਕਰਦਿਆਂ ਕਾਨੂੰਨੀ ਖੇਤਰ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ।

ਸਾਲ 2009 ਵਿੱਚ ਉਹ ਚੰਡੀਗੜ੍ਹ ਆ ਗਏ ਅਤੇ ਸੰਵਿਧਾਨਕ, ਸਿਵਲ, ਅਪਰਾਧਿਕ, ਸਰਵਿਸ, ਮਾਲੀਆ ਅਤੇ ਕਾਰਪੋਰੇਟ ਮਾਮਲਿਆਂ ਵਿੱਚ ਇੱਕ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਕਾਰਜਕਾਲ ਵਿੱਚ ਪੀ.ਐਸ.ਪੀ.ਸੀ.ਐਲ., ਪੀ.ਟੀ.ਯੂ, ਯੂ.ਐਲ.ਬੀਜ਼ ਅਤੇ ਪਨਗ੍ਰੇਨ ਵਰਗੀਆਂ ਪ੍ਰਮੁੱਖ ਰਾਜ ਸੰਸਥਾਵਾਂ ਲਈ ਪੈਨਲ ਵਕੀਲ ਵਜੋਂ ਸੇਵਾ ਨਿਭਾਉਣਾ ਸ਼ਾਮਲ ਹੈ।

ਉਹਨਾਂ ਨੇ ਜੁਲਾਈ 2023 ਤੋਂ ਮਾਰਚ 2025 ਤੱਕ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾਉਂਦਿਆਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਸਾਹਮਣੇ ਸੂਬੇ ਵੱਲੋਂ ਪੱਖ ਰੱਖਿਆ। ਇਸ ਸਾਲ ਮਾਰਚ, 2025 ਵਿੱਚ ਉਨ੍ਹਾਂ ਨੇ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਅਹੁਦਾ ਸੰਭਾਲਿਆ ਸੀ।

Leave a Reply

Your email address will not be published. Required fields are marked *

View in English