ਤਰਨ ਤਾਰਨ ਜ਼ਿਮਨੀ ਚੋਣ ਵਿੱਚ ਆਪ ਦੇ ਹਰਮੀਤ ਸਿੰਘ ਸੰਧੂ 12091 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ

ਫੈਕਟ ਸਮਾਚਾਰ ਸੇਵਾ

ਤਰਨ ਤਾਰਨ, ਨਵੰਬਰ 14

ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਅੱਜ ਐਲਾਨੇ ਗਏ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 12091 ਵੋਟਾਂ ਨਾਲ ਜੇਤੂ ਰਹੇ ਹਨ। ਉਨ੍ਹਾਂ ਨੂੰ ਕੁੱਲ 42649 ਵੋਟਾਂ ਪਈਆਂ ਹਨ। ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਵੱਲੋਂ ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ ਗਿਆ। ਵੋਟਾਂ ਦੀ ਗਿਣਤੀ ਜਨਰਲ ਅਬਜ਼ਰਵਰ ਸ੍ਰੀਮਤੀ ਪੁਸ਼ਪਾ ਸਤਿਆਨੀ, ਆਈ.ਏ.ਐੱਸ. ਅਤੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ, ਤਰਨ ਤਾਰਨ, ਰਾਹੁਲ, ਆਈ.ਏ.ਐੱਸ. ਦੀ ਹਾਜ਼ਰੀ ਵਿੱਚ ਮੁਕੰਮਲ ਹੋਈ।

ਜ਼ਿਮਨੀ ਚੋਣ ਦੇ ਨਤੀਜੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਕੁੱਲ 42649 ਵੋਟਾਂ ਪਈਆਂ ਅਤੇ ਉਨ੍ਹਾਂ ਦੀ ਲੀਡ 12091 ਵੋਟਾਂ ਦੀ ਰਹੀ। ਉਨ੍ਹਾਂ ਦੱਸਿਆ ਕਿ ਦੂਸਰੇ ਸਥਾਨ ਉੱਪਰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰਹੇ ਅਤੇ ਉਨ੍ਹਾਂ ਨੂੰ 30558 ਵੋਟਾਂ ਪਈਆਂ। ਅਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ 19620 ਵੋਟਾਂ ਲੈ ਕੇ ਤੀਸਰੇ ਸਥਾਨ ਉੱਪਰ ਰਹੇ। ਜ਼ਿਮਨੀ ਚੋਣ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਨੂੰ 15078 ਵੋਟਾਂ ਪਈਆਂ ਅਤੇ ਉਹ ਚੌਥੇ ਸਥਾਨ ਉੱਪਰ ਰਹੇ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ 6239 ਵੋਟਾਂ ਲੈ ਕੇ 5ਵੇਂ ਸਥਾਨ ਉੱਪਰ ਰਹੇ।

ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਨੇ ਅੱਗੇ ਦੱਸਿਆ ਕਿ ਅਜ਼ਾਦ ਉਮੀਦਵਾਰ ਮਨਦੀਪ ਸਿੰਘ 873 ਵੋਟਾਂ ਪਈਆਂ। ਇਸ ਤੋਂ ਇਲਾਵਾ ਅਜ਼ਾਦ ਉਮੀਦਵਾਰ ਹਰਬਰਿੰਦਰ ਕੌਰ ਉਸਮਾ ਨੂੰ 547 ਵੋਟਾਂ, ਅਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਨੂੰ 464 ਵੋਟਾਂ, ਅਜ਼ਾਦ ਉਮੀਦਵਾਰ ਵਿਜੇ ਕੁਮਾਰ ਨੂੰ 457 ਵੋਟਾਂ, ਅਜ਼ਾਦ ਉਮੀਦਵਾਰ ਜਸਵੰਤ ਸਿੰਘ ਸੋਹਲ ਨੂੰ 147 ਵੋਟਾਂ, ਸੱਚੋ ਸੱਚ ਪਾਰਟੀ ਦੇ ਉਮੀਦਵਾਰ ਸ਼ਾਮ ਲਾਲ ਗਾਂਧੀ ਨੂੰ 123 ਵੋਟਾਂ, ਅਜ਼ਾਦ ਉਮੀਦਵਾਰ ਅਰੁਨ ਕੁਮਾਰ ਖੁਰਮੀ ਰਾਜਪੂਤ ਨੂੰ 113 ਵੋਟਾਂ, ਅਜ਼ਾਦ ਉਮੀਦਵਾਰ ਹਰਪਾਲ ਸਿੰਘ ਭੰਗੂ ਨੂੰ 104 ਵੋਟਾਂ, ਅਜ਼ਾਦ ਉਮੀਦਵਾਰ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ 68 ਅਤੇ ਇੰਡੀਅਨ ਜਸਟਿਸ ਪਾਰਟੀ ਦੇ ਉਮੀਦਵਾਰ ਨਾਇਬ ਸਿੰਘ ਨੂੰ 64 ਵੋਟਾਂ ਪਈਆਂ ਹਨ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ 609 ਵੋਟਾਂ ਨੋਟਾ ਨੂੰ ਪਈਆਂ ਹਨ।

ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਨੇ ਚੋਣ ਪ੍ਰਕਿਰਿਆ ਦੇ ਸੁਚਾਰੂ ਪ੍ਰਬੰਧਨ ਸਮੂਹ ਪੋਲਿੰਗ ਤੇ ਕਾਊਂਟਿੰਗ ਸਟਾਫ਼ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੋਲਿੰਗ ਸਟੇਸ਼ਨਾਂ `ਤੇ ਵੋਟਰਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਅਤੇ ਚੋਣ ਪ੍ਰਬੰਧਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਪੋਲਿੰਗ ਅਫ਼ਸਰਾਂ, ਵਲੰਟੀਅਰਾਂ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਸਮੇਤ ਸਮੁੱਚੇ ਚੋਣ ਅਮਲੇ ਦੀ ਮਿਹਨਤ ਅਤੇ ਸਮਰਪਣ ਦੀ ਵੀ ਤਾਰੀਫ਼ ਕੀਤੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਚੋਣ ਪ੍ਰਕਿਰਿਆ ਵਿੱਚ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਮੀਡੀਆ ਵੱਲੋਂ ਸਾਰਥਕ ਭੂਮਿਕਾ ਨਿਭਾਉਣ ਲਈ ਸਾਰੇ ਮੀਡੀਆ ਕਰਮੀਆਂ ਦਾ ਵੀ ਸ਼ੁਕਰੀਆ ਕੀਤਾ ਹੈ।

Leave a Reply

Your email address will not be published. Required fields are marked *

View in English