ਪੰਜਾਬ ਬਣਿਆ ਨਿਵੇਸ਼ਕਾਂ ਦੀ ਪਹਿਲੀ ਪਸੰਦ : ਸੰਜੀਵ ਅਰੋੜਾ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਅਕਤੂਬਰ 30

ਹੀਰੋ ਮੋਟਰਜ਼ ਲਿਮਟਿਡ (“ਐਚ.ਐਮ.ਐਲ.”) ਅਤੇ ਵਰਮੋਜੈਨਸਵਰਵਾਲਟੰਗ ਪਲੇਟਨਬਰਗ ਜੀ.ਐਮ.ਬੀ.ਐਚ ਅਤੇ ਸੀ.ਓ. ਕੇ.ਜੀ. ਤੇ ਇਸਦੀਆਂ ਸਮੂਹ ਕੰਪਨੀਆਂ (“ਐਸ.ਟੀ.ਪੀ. ਗਰੁੱਪ”) ਦੇ ਸਾਂਝੇ ਉੱਦਮ, ਮੁੰਜਾਲ ਐਸ.ਟੀ.ਪੀ. ਇੰਡਸਟਰੀਜ਼ ਲਿਮਟਿਡ ਦੀ ਨਿਰਮਾਣ ਯੂਨਿਟ ਦੇ ਨੀਂਹ ਪੱਥਰ ਸਬੰਧੀ ਧਨਾਸੂਰ, ਲੁਧਿਆਣਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਾਂਝੇ ਉੱਦਮ ਰਾਹੀਂ ਪੰਜਾਬ ਨੂੰ ਪਹਿਲੇ ਪੜਾਅ ਵਿੱਚ 260 ਕਰੋੜ ਰੁਪਏ ਦਾ ਨਿਵੇਸ਼ ਅਤੇ 400 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।

ਇਸ ਸਹੂਲਤ ਦੇ ਨੀਂਹ ਪੱਥਰ ਸਬੰਧੀ ਕਰਵਾਏ ਸਮਾਗਮ ਵਿੱਚ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ, ਪੰਜਾਬ ਵਿਕਾਸ ਕਮਿਸ਼ਨ ਦੀ ਉਪ-ਚੇਅਰਪਰਸਨ ਸੀਮਾ ਬਾਂਸਲ ਸਮੇਤ ਉਦਯੋਗ ਖੇਤਰ ਅਤੇ ਪੰਜਾਬ ਸਰਕਾਰ ਦੇ ਕਈ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।

ਮੰਤਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੁੱਚੇ ਵਿਕਾਸ ਲਈ ਉਦਯੋਗਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਐਚ.ਐਮ.ਐਲ. ਅਤੇ ਐਸ.ਟੀ.ਪੀ. ਗਰੁੱਪ ਨੇ ਮਾਰਚ 2025 ਵਿੱਚ ਆਟੋਮੋਟਿਵ ਸੈਕਟਰ ਲਈ ਫੋਰਜਿੰਗ ਕੰਪੋਨੈਂਟਸ ਤਿਆਰ ਕਰਨ, ਨਿਰਮਾਣ ਕਰਨ ਅਤੇ ਵੇਚਣ ਲਈ ਸਾਂਝਾ ਉੱਦਮ ਸ਼ੁਰੂ ਕੀਤਾ ਸੀ। ਐਸ.ਟੀ.ਪੀ. ਗਰੁੱਪ ਇੱਕ ਉੱਘੀ ਜਰਮਨ ਫੋਰਜਿੰਗ ਮਾਹਰ ਕੰਪਨੀ ਹੈ ਜਿਸ ਦੀਆਂ ਜਰਮਨੀ ਵਿੱਚ ਛੇ ਸਹੂਲਤਾਂ ਸਥਾਪਤ ਹਨ ਅਤੇ ਇਹ ਕੰਪਨੀ ਆਟੋਮੋਟਿਵ ਅਤੇ ਉਦਯੋਗਿਕ ਐਪਲੀਕੇਸ਼ਨਾਂ ਲਈ ਉੱਚ-ਸ਼ੁੱਧਤਾ ਵਾਲੇ ਫੋਰਜਡ ਅਤੇ ਮਸ਼ੀਨਡ ਉਪਕਰਨ ਤਿਆਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਐਚ.ਐਮ.ਐਲ. ਇੱਕ ਤਕਨਾਲੋਜੀ-ਅਧਾਰਤ ਆਟੋਮੋਟਿਵ ਕੰਪੋਨੈਂਟ ਕੰਪਨੀ ਹੈ ਜੋ ਉੱਚ ਪੱਧਰੀ ਇੰਜੀਨੀਅਰਡ ਪਾਵਰਟ੍ਰੇਨ ਸਲਿਊਸ਼ਨਜ਼ ਅਤੇ ਅਲੌਏ ਅਤੇ ਧਾਤੂ ਨਿਰਮਾਣ ਲਈ ਜਾਣੀ ਜਾਂਦੀ ਹੈ। ਇਸ ਕੰਪਨੀ ਦੀਆਂ ਖੋਜ ਤੇ ਵਿਕਾਸ ਸਹੂਲਤਾਂ ਭਾਰਤ ਅਤੇ ਯੂਨਾਈਟਿਡ ਕਿੰਗਡਮ ਵਿੱਚ ਫੈਲੀਆਂ ਹੋਈਆਂ ਹਨ ਅਤੇ ਇਸ ਦੀਆਂ ਨਿਰਮਾਣ ਸਹੂਲਤਾਂ ਭਾਰਤ, ਯੂਨਾਈਟਿਡ ਕਿੰਗਡਮ ਅਤੇ ਥਾਈਲੈਂਡ ਵਿੱਚ ਸਥਾਪਤ ਹਨ।

ਸੰਜੀਵ ਅਰੋੜਾ ਅਤੇ ਸ੍ਰੀਮਤੀ ਸੀਮਾ ਨੇ ਸਾਂਝੇ ਉੱਦਮ ਵਿੱਚ ਸ਼ਾਮਲ ਭਾਈਵਾਲਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਅਤੇ ਰਿਕਾਰਡ ਸਮੇਂ ਵਿੱਚ ਪ੍ਰਵਾਨਗੀਆਂ ਦੇਣ ਦਾ ਭਰੋਸਾ ਦਿੱਤਾ। ਐਚ.ਐਮ.ਸੀ. ਦੇ ਚੇਅਰਮੈਨ ਪੰਕਜ ਮੁੰਜਾਲ ਨੇ ਪੰਜਾਬ ਸਰਕਾਰ ਦੇ ਸਹਿਯੋਗ ਅਤੇ ਉਦਯੋਗ ਪੱਖੀ ਸਾਰੀਆਂ ਨਵੀਆਂ ਨੀਤੀਆਂ ਦੀ ਸ਼ਲਾਘਾ ਕੀਤੀ।

ਐਚ.ਐਮ.ਐਲ. ਦੇ ਚੇਅਰਮੈਨ ਪੰਕਜ ਮੁੰਜਾਲ ਨੇ ਕਿਹਾ ਕਿ “ਮੁੰਜਾਲ ਐਸ.ਟੀ.ਪੀ. ਇੰਡਸਟਰੀਜ਼ ਲਿਮਟਿਡ ਐਸ.ਟੀ.ਪੀ. ਗਰੁੱਪ ਦੇ ਸਹਿਯੋਗ ਨਾਲ ਭਾਰਤ ਵਿੱਚ ਨਿਰਮਾਣ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਸਾਡੀ ਮੁਹਿੰਮ ਨੂੰ ਦਰਸਾਉਂਦਾ ਹੈ। ਇਹ ਸਹੂਲਤ ਹੀਰੋ ਇੰਡਸਟਰੀਅਲ ਪਾਰਕ, ਲੁਧਿਆਣਾ ਵਿਖੇ ਹੋਰ ਮੁੱਖ ਆਟੋਮੋਟਿਵ ਅਤੇ ਈ.ਵੀ. ਯੂਨਿਟਾਂ ਜਿਵੇਂ ਕਿ ਐਚ.ਐਮ.ਸੀ. ਐਚ.ਆਈ.ਵੀ.ਈ., ਐਚ.ਵਾਈ.ਐਮ. ਡਰਾਈਵ ਸਿਸਟਮਜ਼ ਪ੍ਰਾਈਵੇਟ ਲਿਮਟਿਡ ਅਤੇ ਸਪੁਰ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਨਾਲ ਸਥਾਪਿਤ ਕੀਤੀ ਜਾ ਰਹੀ ਹੈ।”

ਐਚ.ਐਮ.ਐਲ. ਦੇ ਐਮ.ਡੀ. ਅਤੇ ਸੀ.ਈ.ਓ. ਅਮਿਤ ਗੁਪਤਾ ਨੇ ਕਿਹਾ ਕਿ “ਇਹ ਨਵੀਂ ਸਹੂਲਤ ਸਾਡੇ ਪਾਵਰਟ੍ਰੇਨ ਸਲਿਊਸ਼ਨਜ਼ ਨਿਰਮਾਣ ਨੂੰ ਹੋਰ ਮਜ਼ਬੂਤ ਕਰੇਗੀ, ਅਤੇ ਆਟੋਮੋਟਿਵ, ਏਰੋਸਪੇਸ, ਰੱਖਿਆ ਅਤੇ ਉਦਯੋਗਿਕ ਖੇਤਰਾਂ ਵਿੱਚ ਵਿਸ਼ਵ ਭਰ ਦੇ ਗਾਹਕਾਂ ਨੂੰ ਉਪਕਰਨ ਅਤੇ ਟ੍ਰਾਂਸਮਿਸ਼ਨ ਹੱਲ ਪ੍ਰਦਾਨ ਕਰਨ ਵਿੱਚ ਸਾਡੀਆਂ ਸਮਰੱਥਾਵਾਂ ਵਿੱਚ ਵਾਧਾ ਕਰੇਗੀ। ਇਸ ਵਿੱਚ ਜਟਿਲ ਉਪਕਰਨਾਂ ਲਈ ਸੈਮੀ-ਆਟੋਮੈਟਿਕ ਫੋਰਜਿੰਗ ਲਾਈਨਾਂ ਸ਼ਾਮਲ ਹੋਣਗੀਆਂ, ਜਿਸ ਵਿੱਚ ਲਾਗਤ ਨੂੰ ਘੱਟ ਕਰਨ ਅਤੇ ਗੁਣਵੱਤਾ ਸਬੰਧੀ ਮਿਆਰਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।”

ਐਸ.ਟੀ.ਪੀ. ਦੇ ਚੇਅਰਮੈਨ ਅਤੇ ਸੀ.ਈ.ਓ., ਕਾਰਨੇਲ ਮੂਲਰ ਨੇ ਕਿਹਾ, “ਐਚ.ਐਮ.ਐਲ. ਨਾਲ ਸਾਡੀ ਭਾਈਵਾਲੀ ਐਸ.ਟੀ.ਪੀ. ਦੇ ਵਿਸਥਾਰ ਅਤੇ ਭਾਰਤ ਦੇ ਉੱਨਤ ਨਿਰਮਾਣ ਈਕੋਸਿਸਟਮ ਦਾ ਲਾਹਾ ਲੈਣ ਲਈ ਚੁੱਕਿਆ ਅਹਿਮ ਕਦਮ ਹੈ। ਇਹ ਭਾਈਵਾਲੀ ਐਸ.ਟੀ.ਪੀ. ਦੀ ਉੱਚ-ਸ਼ੁੱਧਤਾ ਵਾਲੀ ਫੋਰਜਿੰਗ ਵਿੱਚ ਮੁਹਾਰਤ ਨੂੰ ਐਚ.ਐਮ.ਐਲ. ਦੀਆਂ ਨਿਰਮਾਣ ਅਤੇ ਇੰਜੀਨੀਅਰਿੰਗ ਸਮਰੱਥਾਵਾਂ ਨਾਲ ਜੋੜਨ, ਜਰਮਨੀ ਅਤੇ ਭਾਰਤ ਵਿੱਚ ਸਾਡੀਆਂ ਟੀਮਾਂ ਦਰਮਿਆਨ ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਕਾਰਜਸ਼ੀਲਤਾ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ।”

ਇਸ ਮੌਕੇ ਹੀਰੋ ਗਰੁੱਪ ਤੋਂ ਪੰਕਜ ਮੁੰਜਾਲ, ਐਸ.ਕੇ. ਰਾਏ, ਅਸ਼ਵਰਿਆ ਮੁੰਜਾਲ, ਆਦਿਤਿਆ ਮੁੰਜਾਲ, ਅਮਿਟੀ ਗੁਪਤਾ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *

View in English