ਫੈਕਟ ਸਮਾਚਾਰ ਸੇਵਾ
ਕੋਟਕਪੂਰਾ, ਅਕਤੂਬਰ 26
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਸ਼ਾਮ ਕੋਟਕਪੂਰਾ ਵਿਖੇ ਬਾਬਾ ਦਿਆਲ ਸਿੰਘ ਚੌਂਕ ਪਹੁੰਚ ਕੇ ਨਵੇਂ ਬੱਸ ਸਟੈਂਡ ਦੀ ਸਥਾਪਨਾ ਲਈ ਨਿਰਧਾਰਤ ਜਗ੍ਹਾ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਟਕਪੂਰਾ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਨਵਾਂ ਬੱਸ ਸਟੈਂਡ ਬਣਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਨਵੀਂ ਜਗ੍ਹਾ ਦੀ ਚੋਣ ਕਰਨ ਅਤੇ ਨਵੇਂ ਤਹਿਸੀਲ ਕੰਪਲੈਕਸ ਦੀ ਸਥਾਪਨਾ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਸਟੈਂਡ ਸ਼ਹਿਰ ਦੇ ਅੰਦਰ ਹੋਣ ਕਾਰਨ ਟਰੈਫਿਕ ਦਾ ਦਬਾਅ ਵਧਦਾ ਹੈ, ਜਿਸ ਕਾਰਨ ਨਵੀਂ ਥਾਂ ਤੇ ਇਸਦੀ ਸਥਾਪਨਾ ਨਾਲ ਇਹ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਵਿਸਥਾਰ ਸਹਿਤ ਗੱਲਬਾਤ ਕੀਤੀ ਜਾ ਚੁੱਕੀ ਹੈ ਤੇ ਉਹ ਖੁਦ ਇਸਦੀ ਪ੍ਰਗਤੀ ਦਾ ਨਿਰੀਖਣ ਕਰਨ ਲਈ ਪਹੁੰਚੇ ਹਨ।
ਇਸ ਮੌਕੇ ਐਸ.ਡੀ.ਐਮ ਕੋਟਕਪੂਰਾ ਸੂਰਜ ਅਤੇ ਤਹਿਸੀਲਦਾਰ ਕੋਟਕਪੂਰਾ ਰੁਪਿੰਦਰ ਸਿੰਘ ਬੱਲ, ਸਿਮਰਨਜੀਤ ਸਿੰਘ ਐਮ.ਸੀ ਵੀ ਮੌਜੂਦ ਸਨ।







