ਦੂਜੀਆਂ ਰਾਸ਼ਟਰੀ ਪਾਈਥੀਅਨ ਖੇਡਾਂ ਮੌਕੇ 7 ਨਵੰਬਰ ਨੂੰ ਹੋਣਗੇ ਕੌਮੀ ਗੱਤਕਾ ਮੁਕਾਬਲੇ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਕਤੂਬਰ 26

ਬੰਗਲੁਰੂ ਸ਼ਹਿਰ ਭਾਰਤ ਦੇ ਪ੍ਰਾਚੀਨ ਮਾਰਸ਼ਲ ਆਰਟਸ ਅਤੇ ਅਮੀਰ ਸੱਭਿਆਚਾਰਕ ਪਰੰਪਰਾਵਾਂ ਦੇ ਮੁਕਾਬਲੇ ਦੇਖਣ ਲਈ ਤਿਆਰ ਹੈ ਜਿੱਥੇ 7 ਤੋਂ 9 ਨਵੰਬਰ, 2025 ਤੱਕ ਦੇਸ਼ ਦੀਆਂ ਬੇਮਿਸਾਲ ਖੇਡ ਅਤੇ ਸੱਭਿਆਚਾਰਕ ਪ੍ਰਤਿਭਾਵਾਂ ਦਾ ਇੱਕ ਵੱਡਾ ਯਾਦਗਾਰੀ ਰਾਸ਼ਟਰੀ ਇਕੱਠ ਹੋਵੇਗਾ। ਇਹ ਵੱਕਾਰੀ ਸਮਾਗਮ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਮੌਕੇ ਦੇਸ਼ ਭਰ ਦੀਆਂ ਖੇਡਾਂ ਦੇ ਭਵਿੱਖਤ ਮਾਰਗ ਨੂੰ ਨਵਾਂ ਰੂਪ ਦੇਣ ਦੀ ਮਿਸਾਲ ਪੈਦਾ ਕਰੇਗਾ।

ਜੀਕੇਵੀਕੇ, ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼, ਬੰਗਲੌਰ ਵਿਖੇ ਇਸ ਰੋਮਾਂਚਕ ਖੇਡ ਉਤਸਵ ਦੌਰਾਨ, ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਨਾਲ ਸੰਬੰਧਿਤ ਦੇਸ਼ ਦੀ ਸਭ ਤੋਂ ਪੁਰਾਣੀ ਕੌਮੀ ਗੱਤਕਾ ਗਵਰਨਿੰਗ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ), ਵੱਲੋਂ ਦੂਜੇ ਫੈਡਰੇਸ਼ਨ ਗੱਤਕਾ ਕੱਪ ਦੀ ਮੇਜ਼ਬਾਨੀ ਵੀ ਕਤਾ ਜਾਵੇਗੀ। ਇਹ ਸਮਾਗਮ ਪਾਈਥੀਅਨ ਕੌਂਸਲ ਆਫ਼ ਇੰਡੀਆ (ਪੀਸੀਆਈ) ਨਾਲ ਰਣਨੀਤਕ ਭਾਈਵਾਲੀ ਵਿੱਚ ਦੂਜੀਆਂ ਰਾਸ਼ਟਰੀ ਪਾਈਥੀਅਨ ਖੇਡਾਂ ਦੇ ਨਾਲ-ਨਾਲ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਖੇਡ ਉਤਸਵ ਵਿੱਚ ਸ਼ਮੂਲੀਅਤ ਪੁਰਾਤਨ ਖੇਡ ਗੱਤਕਾ ਨੂੰ ਇੱਕ ਪ੍ਰਮੁੱਖ ਗਲੋਬਲ ਪਲੇਟਫਾਰਮ ‘ਤੇ ਅੱਗੇ ਵਧਾਉਣ ਲਈ ਕੀਤੀ ਗਈ ਹੈ।

ਪੀਸੀਆਈ ਦੇ ਚੇਅਰਮੈਨ ਬਿਜੇਂਦਰ ਗੋਇਲ ਅਤੇ ਪ੍ਰਧਾਨ ਸ਼ਾਂਤਨੂ ਅਗ੍ਰਹਰੀ ਨੇ ਸਾਰੇ ਰਵਾਇਤੀ ਮਾਰਸ਼ਲ ਆਰਟਸ ਅਤੇ ਸੱਭਿਆਚਾਰਕ ਸੰਗਠਨਾਂ ਨਾਲ ਵਿਆਪਕ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਈਥੀਅਨ ਖੇਡਾਂ ਇੱਕ ਇਤਿਹਾਸਕ ਪਹਿਲਕਦਮੀ ਵਜੋਂ ਸਵਦੇਸ਼ੀ ਖੇਡਾਂ ਨੂੰ ਸ਼ਕਤੀ ਪ੍ਰਦਾਨ ਕਰਨਗੀਆਂ ਅਤੇ ਨੌਜਵਾਨ ਐਥਲੀਟਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮੱਲਾਂ ਮਾਰਨ ਲਈ ਢਾਂਚਾਗਤ ਮਾਰਗ ਪੇਸ਼ ਕਰਨਗੀਆਂ। ਪੀਸੀਆਈ ਇੰਨਾਂ ਖੇਡਾਂ ਦੌਰਾਨ ਪੇਸ਼ੇਵਰ ਮਿਆਰਾਂ ਨੂੰ ਬਣਾਈ ਰੱਖਣ ਲਈ ਹਰ ਤਰਾਂ ਦੀ ਸਹਾਇਤਾ, ਰਿਹਾਇਸ਼, ਭੋਜਨ ਅਤੇ ਟੂਰਨਾਮੈਂਟ ਕਿੱਟਾਂ ਵੀ ਪ੍ਰਦਾਨ ਕਰੇਗੀ। ਇਸ ਖੁਲਾਸੇ ਕਰਦਿਆਂ ਐਨਜੀਏਆਈ ਦੇ ਪ੍ਰਧਾਨ ਤੇ ਸਟੇਟ ਐਵਾਰਡੀ ਹਰਜੀਤ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਇਸ ਦੋਹਰੀ ਚੈਂਪੀਅਨਸ਼ਿਪ ਦੌਰਾਨ ਐਨਜੀਏਆਈ ਵੱਲੋਂ ਰਾਸ਼ਟਰੀ ਗੱਤਕਾ ਟੀਮ ਦੀ ਚੋਣ ਕੀਤੀ ਜਾਵੇਗੀ ਜੋ ਅਗਲੇ ਸਾਲ ਮਾਸਕੋ ਵਿੱਚ ਹੋਣ ਵਾਲੀਆਂ ਪਹਿਲੀਆਂ ਅੰਤਰਰਾਸ਼ਟਰੀ ਪਾਈਥੀਅਨ ਸੱਭਿਆਚਾਰਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਦੱਸਿਆ ਕਿ ਗੱਤਕਾ ਖਿਡਾਰੀ ਸਿਰਫ਼ ਤਗਮਿਆਂ ਲਈ ਹੀ ਜ਼ੋਰਦਾਰ ਮੁਕਾਬਲੇ ਨਹੀਂ ਕਰਨਗੇ ਸਗੋਂ ਉਨ੍ਹਾਂ ਨੂੰ ਦੋਹਰੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਗੱਤਕਾ ਪ੍ਰਮੋਟਰ ਗਰੇਵਾਲ, ਜੋ ਕਿ ਪੀਸੀਆਈ ਦੇ ਉਪ-ਪ੍ਰਧਾਨ ਵੀ ਹਨ, ਨੇ ਇੰਨਾਂ ਮੁਕਾਬਲਿਆਂ ਵਿੱਚ ਦਸ ਰਾਜਾਂ ਦੇ 19 ਸਾਲ ਤੋਂ ਘੱਟ ਉਮਰ ਵਰਗ ਦੇ ਗੱਤਕਾ ਖਿਡਾਰੀ ਵਿਅਕਤੀਗਤ ਅਤੇ ਟੀਮ ਈਵੈਂਟਾਂ ਵਿੱਚ ਗੱਤਕਾ-ਸੋਟੀ ਅਤੇ ਫੱਰੀ-ਸੋਟੀ ਵਿੱਚ ਆਪਣੀ ਜੰਗਜੂ ਕਲਾ ਦੇ ਜੌਹਰ ਦਿਖਾਉਣਗੇ। ਉਨ੍ਹਾਂ ਕਿਹਾ ਕਿ ਸਾਰੇ ਸੋਨ ਤਗਮਾ ਜੇਤੂਆਂ ਦੀ ਕੌਮਾਂਤਰੀ ਪਾਈਥੀਅਨ ਸੱਭਿਆਚਾਰਕ ਖੇਡਾਂ ਲਈ ਭਾਰਤੀ ਦਲ ਵਿੱਚ ਸਿੱਧੀ ਚੋਣ ਕੀਤੀ ਜਾਵੇਗੀ। ਉਨਾਂ ਇਸ ਕਦਮ ਨੂੰ ਗੱਤਕੇ ਦੀ ਸ਼ਾਨਦਾਰ ਵਿਸ਼ਵ ਯਾਤਰਾ ਵਿੱਚ ਇੱਕ ਪਰਿਵਰਤਨਸ਼ੀਲ ਮੀਲ ਪੱਥਰ ਕਰਾਰ ਦਿੱਤਾ।

ਐਨਜੀਏਆਈ ਦੇ ਕਾਰਜਕਾਰੀ ਪ੍ਰਧਾਨ ਸੁਖਚੈਨ ਸਿੰਘ ਨੇ ਕਿਹਾ ਇੱਕ ਸਤਿਕਾਰਿਤ ਰਵਾਇਤੀ ਮਾਰਸ਼ਲ ਆਰਟ ਤੋਂ ਇੱਕ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਖੇਡ ਵੱਲ ਵਧਣ ਸਬੰਧੀ ਇਹ ਚੈਂਪੀਅਨਸ਼ਿਪ ਗੱਤਕੇ ਦੀ ਤਰੱਕੀ ਵਿੱਚ ਇੱਕ ਪਰਿਭਾਸ਼ਿਤ ਅਧਿਆਇ ਦੀ ਨਿਸ਼ਾਨਦੇਹੀ ਕਰੇਗੀ। ਉਨਾਂ ਇਸ ਕਿਹਾ ਕਿ ਇਹ ਸਿਰਫ਼ ਮੁਕਾਬਲੇ ਹੀ ਨਹੀਂ ਸਗੋਂ ਭਾਰਤ ਦੇ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਅਸਾਧਾਰਨ ਐਥਲੈਟਿਕ ਉੱਤਮਤਾ ਦਾ ਇੱਕ ਸ਼ਾਨਦਾਰ ਪਾਇਦਾਨ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਸਾਲ 2004 ਵਿੱਚ ਸਥਾਪਨਾ ਤੋਂ ਬਾਅਦ ਐਨਜੀਏਆਈ ਨੇ ਇਸ ਪ੍ਰਾਚੀਨ ਮਾਰਸ਼ਲ ਕਲਾ ਦੀ ਸੰਭਾਲ, ਸੰਚਾਲਨ ਅਤੇ ਆਧੁਨਿਕੀਕਰਨ ਲਈ ਅਣਥੱਕ ਯਤਨ ਕੀਤੇ ਹਨ। ਵਿਸ਼ਵ ਗੱਤਕਾ ਫੈਡਰੇਸ਼ਨ ਦੇ ਅੰਤਰਰਾਸ਼ਟਰੀ ਸਹਿਯੋਗ ਅਤੇ ਪਾਈਥੀਅਨ ਖੇਡਾਂ ਦੀ ਭਾਈਵਾਲੀ ਵਰਗੀਆਂ ਦੂਰਦਰਸ਼ੀ ਪਹਿਲਕਦਮੀਆਂ ਰਾਹੀਂ ਐਨਜੀਏਆਈ ਗੱਤਕੇ ਨੂੰ ਵਿਸ਼ਵ ਪੱਧਰੀ ਖੇਡਾਂ ਵਿੱਚ ਸ਼ਾਮਲ ਕਰਾਉਣ ਦੀ ਕੋਸ਼ਿਸ਼ ਵਿੱਚ ਹੈ।

ਹਰਜੀਤ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਇਹ ਏਕੀਕ੍ਰਿਤ ਚੈਂਪੀਅਨਸ਼ਿਪ ਗੱਤਕੇ ਲਈ ਇੱਕ ਇਤਿਹਾਸਕ ਪੁਲਾਂਘ ਹੈ। ਅਸੀਂ ਸਿਰਫ਼ ਇੱਕ ਟੂਰਨਾਮੈਂਟ ਦਾ ਆਯੋਜਨ ਹੀ ਨਹੀਂ ਕਰ ਰਹੇ ਸਗੋਂ ਭਾਰਤ ਦੇ ਪ੍ਰਸਿੱਧ ਗੱਤਕਾ ਖਿਡਾਰੀਆਂ ਨੂੰ ਵਿਸ਼ਵ ਮੰਚ ‘ਤੇ ਲਾਂਚ ਕਰ ਰਹੇ ਹਾਂ ਜਿੱਥੇ ਇਤਿਹਾਸਕ ਕਲਾ ਨੂੰ ਵੱਡੀ ਮਹਿਮਾ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਇੰਨਾਂ ਖੇਡਾਂ ਵਿੱਚ ਬੇਮਿਸਾਲ ਗੱਤਕਾ ਹੁਨਰ, ਬਿਹਤਰ ਅਨੁਸ਼ਾਸਨ, ਅਤੇ ਨਿਪੁੰਨ ਮਾਰਸ਼ਲ ਕਲਾ ਦਾ ਰੋਮਾਂਚਕ ਪ੍ਰਦਰਸ਼ਨ ਸੱਭਿਆਚਾਰਕ ਵਿਰਾਸਤ ਦਾ ਸ਼ਕਤੀਸ਼ਾਲੀ ਪ੍ਰਤੀਕ ਹੋਵੇਗਾ।

Leave a Reply

Your email address will not be published. Required fields are marked *

View in English