ਚੰਡੀਗੜ੍ਹ : ਸੈਕਟਰ 30 ’ਚ ਸ਼ਰਾਰਤੀ ਅਨਸਰਾਂ ਨੇ ਇਕ ਦਿਨ ਪਹਿਲਾਂ ਰਾਵਣ ਦਾ ਪੁਤਲਾ ਫੂਕਿਆ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਕਤੂਬਰ 2

ਦਸਹਿਰੇ ਤੋਂ ਠੀਕ ਇੱਕ ਦਿਨ ਪਹਿਲਾਂ ਚੰਡੀਗੜ੍ਹ ਦੇ ਸੈਕਟਰ 30 ਦੇ ਮੇਲਾ ਮੈਦਾਨ ਵਿੱਚ ਤਿਆਰ ਕਰਕੇ ਰੱਖੇ ਰਾਵਣ ਦੇ ਪੁਤਲੇ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ। ਇਹ ਘਟਨਾ ਬੁੱਧਵਾਰ ਦੇਰ ਰਾਤ 11:10 ਵਜੇ ਦੇ ਕਰੀਬ ਵਾਪਰੀ, ਜਿਸ ਨਾਲ ਪ੍ਰਬੰਧਕਾਂ ਅਤੇ ਹਾਜ਼ਰੀਨ ਫ਼ਿਕਰਾਂ ਵਿਚ ਪੈ ਗਏ। ਦਸਹਿਰੇ ਦੀਆਂ ਵਿਆਪਕ ਤਿਆਰੀਆਂ ਦਾ ਹਿੱਸਾ ਇਹ ਪੁਤਲਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

ਸੈਕਟਰ 30ਬੀ ਵਿੱਚ ਅਸ਼ਵਨੀ ਬਾਲ ਡਰਾਮੈਟਿਕ ਕਲੱਬ ਦਸਹਿਰਾ ਕਮੇਟੀ ਦੇ ਪ੍ਰਧਾਨ ਚੰਦਨ ਨੇ ਕਿਹਾ ਕਿ ‘‘ਜਿਵੇਂ ਕਿ ਹਰ ਸਾਲ ਹੁੰਦਾ ਹੈ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਸਰਗਰਮੀਆਂ ਨੂੰ ਅੰਜਾਮ ਦੇਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਸਾਨੂੰ ਪੁਲੀਸ ਤੋਂ ਵਧੇਰੇ ਚੌਕਸੀ ਵਰਤੇ ਜਾਣ ਦੀ ਉਮੀਦ ਸੀ ਤੇ ਅਸੀਂ ਬਿਹਤਰ ਸੁਰੱਖਿਆ ਲਈ ਨੇੜਲੀ ਪੁਲੀਸ ਚੌਕੀ ਤੇ ਐੱਸਐੱਚਓ ਨੂੰ ਵੀ ਸੂਚਿਤ ਕੀਤਾ ਸੀ। ਪੈਸਿਆਂ ਨਾਲੋਂ ਵੱਧ ਇਹ ਸਾਡੇ ਦਸਹਿਰਾ ਕਲੱਬ ਤੇ ਦਸਹਿਰਾ ਕਮੇਟੀ ਨਾਲ ਜੁੜੇ ਲੋਕਾਂ ਦਾ ਵਿਸ਼ਵਾਸ ਤੇ ਆਸਥਾ ਹੈ।’’

ਆਰਬੀਆਈ ਕਲੋਨੀ ਦੇ ਇਕ ਸੁਰੱੱਖਿਆ ਗਾਰਡ ਤੇ ਚਸ਼ਮਦੀਦ ਨੇ ਕਿਹਾ ਕਿ ਉਸ ਨੇ ਦੋ ਲੜਕਿਆਂ, ਜਿਨ੍ਹਾਂ ਨੇ ਹੈਲਮਟ ਪਾਏ ਹੋਏ ਸੀ, ਨੂੰ ਉਥੋਂ ਭੱਜਦਿਆਂ ਦੇਖਿਆ। ਕਲੱਬ ਨਾਲ ਸਬੰਧਤ ਬਹੁਤੇ ਲੋਕ ਤੇ ਸਥਾਨਕ ਨਿਵਾਸੀ ਉਦੋਂ ਰਾਵਣ ਦੇ ਪੁਤਲੇ ਤੋਂ ਕੁਝ ਦੂਰ ਸੈਕਟਰ 30ਬੀ ਵਿਚ ਰਾਮਲੀਲਾ ਦੇਖ ਰਹੇ ਸਨ। ਰਾਮਲੀਲਾ ਦਸਹਿਰਾ ਕਮੇਟੀ ਪਿਛਲੇ ਕਈ ਮਹੀਨਿਆਂ ਤੋਂ ਅੱਜ ਦੇ ਦਿਨ ਲਈ ਤਿਆਰੀਆਂ ਕਰ ਰਹੀ ਸੀ।

ਕਮੇਟੀ ਦੇ ਪ੍ਰਧਾਨ ਚੰਦਨ ਨੇ ਸੁਰੱਖਿਆ ਦੇ ਢੁਕਵੇਂ ਉਪਾਵਾਂ ਦੀ ਘਾਟ ’ਤੇ ਫਿਕਰ ਜਤਾਉਂਦਿਆਂ ਕਿਹਾ ਕਿ ਪੁਤਲਿਆਂ ਦੀ ਸੁਰੱਖਿਆ ਲਈ ਪੁਲੀਸ ਦੀ ਮੌਜੂਦਗੀ ਲਈ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਕੋਈ ਕਾਰਵਾਈ ਨਹੀਂ ਕੀਤੀ ਗਈ। ਕਮੇਟੀ ਨਾਲ ਜੁੜੇ ਹਰ ਵਿਅਕਤੀ ਨੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਨ੍ਹਾਂ ਮਾੜੇ ਅਨਸਰਾਂ ਨੇ ਪਹਿਲਾਂ ਵੀ ਰਾਮਲੀਲਾ ਦੌਰਾਨ ਲੜਨ ਅਤੇ ਜਸ਼ਨਾਂ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।

Leave a Reply

Your email address will not be published. Required fields are marked *

View in English