ਫੈਕਟ ਸਮਾਚਾਰ ਸੇਵਾ
ਤਰਨ ਤਾਰਨ, ਸਤੰਬਰ 15
ਡਿਪਟੀ ਕਮਿਸ਼ਨਰ ਰਾਹੁਲ ਆਈ. ਏ. ਐੱਸ. ਦੇ ਹੁਕਮਾਂ ਤਹਿਤ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਮੈਡੀਕਲ ਟੀਮਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਵਿਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।
ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਰਾਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਹੜ੍ਹਾਂ ਦਾ ਪਾਣੀ ਆਉਣ ਕਾਰਨ ਜ਼ਿਲ੍ਹੇ ਦੇ ਪਿੰਡ, ਜਿੰਨਾਂ ਸੀ. ਐਚ. ਸੀ. ਮੀਆਂਵਿੰਡ ਅਧੀਨ 12 ਕੈਂਪ, ਸਰਹਾਲੀ ਅਧੀਨ 07, ਘਰਿਆਲਾ 03 ਅਤੇ ਖੇਮਕਰਨ ਵਿਖੇ ਚਾਰ ਮੈਡੀਕਲ ਕੈਂਪ ਲਗਾਏ ਗਏ ਹਨ ਅਤੇ ਐਮਰਜੈਂਸੀ ਸੇਵਾਵਾਂ ਲਈ ਐਂਬੂਲੈਂਸਾਂ ਵੀ ਤਾਇਨਾਤ ਹਨ।
ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪੈਂਦੇ ਆਮ ਆਦਮੀ ਕਲੀਨਿਕਾਂ ਦਾ ਵੀ ਦੌਰਾ ਕੀਤਾ ਅਤੇ ਉਥੋਂ ਦੀਆਂ ਮੈਡੀਕਲ ਸੇਵਾਵਾਂ ਦੇ ਪ੍ਰਬੰਧਾਂ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਕਲੀਨਿਕਾਂ ਵਿਚ ਦਵਾਈਆਂ ਅਤੇ ਲੋੜੀਂਦੇ ਲੈਬ ਟੈਸਟ ਬਿਲਕੁਲ ਮੁਫਤ ਕੀਤੇ ਜਾ ਰਹੇ ਹਨ। ਸਿਹਤ ਸੰਸਥਾਵਾਂ ਅਤੇ ਮੈਡੀਕਲ ਕੈਂਪਾਂ ਵਿਚ ਦਵਾਈਆਂ ਦੀ ਕੋਈ ਘਾਟ ਨਹੀਂ ਹੈ ਅਤੇ ਹੋਰ ਸਟਾਕ ਲਈ ਦਵਾਈਆਂ ਦੇ ਅਗਾਊਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਸੱਪ ਦੇ ਕੱਟਣ ਅਤੇ ਹੋਰ ਜ਼ਹਿਰੀਲੇ ਜਾਨਵਰਾਂ ਹਰ ਐਂਟੀ ਸਨੇਕ ਵੈਨਮ ਅਤੇ ਐਂਟੀ ਰੈਬਿਜ ਟੀਕੇ ਸਿਹਤ ਸੰਸਥਾਵਾਂ ਵਿਚ ਮੌਜੂਦ ਹਨ। ਇਹ ਵੈਕਸੀਨ ਸਾਰੇ ਆਮ ਆਦਮੀ ਕਲੀਨਿਕਾਂ ਵਿਚ ਵੀ ਉਪਲੱਬਧ ਹੈ। ਡਾ. ਰਾਏ ਨੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਕਿ ਉਹ ਮੈਡੀਕਲ ਕੈਂਪਾਂ ਦੀ ਸੁਪਰਵਿਜ਼ਨ ਲਗਾਤਾਰ ਕਰਦੇ ਰਹਿਣ, ਤਾਂ ਜੋ ਲੋਕਾਂ ਨੂੰ ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨੂੰ ਬੁਖਾਰ, ਦਸਤ, ਉਲਟੀਆਂ, ਖਾਰਿਸ਼ ਆਦਿ ਸਿਹਤ ਸੰਬੰਧੀ ਸਮੱਸਿਆਵਾਂ ਆਉਂਦੀਆਂ ਹਨ, ਤਾਂ ਉਹ ਨਜ਼ਦੀਕੀ ਮੈਡੀਕਲ ਸਹਾਇਤਾ ਕੈਂਪ ਜਾਂ ਸਰਕਾਰੀ ਸਿਹਤ ਸੰਸਥਾਵਾਂ/ਹਸਪਤਾਲਾਂ/ਆਮ ਆਦਮੀ ਕਲੀਨਿਕਾਂ ਵਿਚ ਆਪਣਾ ਇਲਾਜ ਤੁਰੰਤ ਕਰਵਾਉਣ।