ਫੈਕਟ ਸਮਾਚਾਰ ਸੇਵਾ
ਹੁਸ਼ਿਆਰਪੁਰ, ਸਤੰਬਰ 14
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸ਼ੁਰੂ ਕੀਤੀ ਗਈ 10 ਦਿਨਾਂ ਦੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ। ਇਹ ਮੁਹਿੰਮ 14 ਸਤੰਬਰ ਤੋਂ 23 ਸਤੰਬਰ ਤੱਕ ਚੱਲੇਗੀ, ਜਿਸ ਵਿਚ ਸ਼ਹਿਰ ਦੀਆਂ ਹੜ੍ਹ ਪ੍ਰਭਾਵਿਤ ਜਨਤਕ ਸਹੂਲਤਾਂ ਨੂੰ ਬਹਾਲ ਕੀਤਾ ਜਾਵੇਗਾ। ਇਹ ਮੁਹਿੰਮ ਟੈਗੋਰ ਪਾਰਕ ਦੇ ਨਾਲ ਲੱਗਦੇ ਭੰਗੀ ਚੋਅ ਕਾਜ਼ਵੇਅ ਤੋਂ ਸ਼ੁਰੂ ਹੋਈ। ਇਥੇ ਸਫ਼ਾਈ, ਟੋਏ ਭਰਨਾ, ਘਾਹ ਹਟਾਉਣਾ, ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਚੋਅ ਦੇ ਨਾਲ-ਨਾਲ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ।
ਇਸ ਮੌਕੇ ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ, ਕਮਿਸ਼ਨਰ ਨਗਰ ਨਿਗਮ ਜਿਓਤੀ ਬਾਲਾ ਮੱਟੂ ਅਤੇ ਕਈ ਕੌਂਸਲਰ ਮੌਜੂਦ ਸਨ। ਵਿਧਾਇਕ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੂਬੇ ਵਿਚ ਹੜ੍ਹਾਂ ਤੋਂ ਬਾਅਦ ਫੈਲੀ ਗੰਦਗੀ ਨੂੰ ਹਟਾਉਣ ਲਈ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕੰਮ ਸੌਂਪਿਆ ਹੈ। ਇਸ ਤਹਿਤ ਨਗਰ ਨਿਗਮ ਕਮਿਸ਼ਨਰ ਦੀ ਅਗਵਾਈ ਹੇਠ ਪੂਰੀ ਟੀਮ ਸਫ਼ਾਈ ਦੇ ਕੰਮ ਵਿਚ ਲੱਗੀ ਹੋਈ ਹੈ। ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਹੜ੍ਹ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿਚ ਸਫ਼ਾਈ ਅਤੇ ਬੁਨਿਆਦੀ ਸਹੂਲਤਾਂ ਦੀ ਬਹਾਲੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਤਾਲਮੇਲ ਕਰਕੇ ਕੰਮ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਫ਼ਾਈ ਮੁਹਿੰਮ ਵਿਚ ਸਹਿਯੋਗ ਕਰਨ ਅਤੇ ਆਪਣੇ ਖੇਤਰ ਵਿਚ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ।
ਵਿਧਾਇਕ ਜਿੰਪਾ ਨੇ ਦੁਹਰਾਇਆ ਕਿ ਪ੍ਰਸ਼ਾਸਨ ਅਤੇ ਜਨਤਾ ਦੇ ਸਾਂਝੇ ਯਤਨਾਂ ਨਾਲ ਹੀ ਹੁਸ਼ਿਆਰਪੁਰ ਨੂੰ ਸਾਫ਼ ਅਤੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦਾ ਕੂੜਾ ਵੱਖਰਾ ਕਰਕੇ ਸਫਾਈ ਕਰਮਚਾਰੀਆਂ ਨੂੰ ਦੇਣ ਅਤੇ ਇਸ ਜਨ ਅੰਦੋਲਨ ਦਾ ਹਿੱਸਾ ਬਣਨ।
ਨਗਰ ਨਿਗਮ ਕਮਿਸ਼ਨਰ ਜਿਓਤੀ ਬਾਲਾ ਮੱਟੂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੀਆਂ ਹਦਾਇਤਾਂ ‘ਤੇ 10 ਦਿਨਾਂ ਦੇ ਅੰਦਰ ਸਫ਼ਾਈ ਅਤੇ ਹੋਰ ਜਨਤਕ ਸਹੂਲਤਾਂ ਦੀ ਬਹਾਲੀ ਨੂੰ ਯਕੀਨੀ ਬਣਾਇਆ ਜਾਵੇਗਾ। ਇਸੇ ਤਹਿਤ ਹੁਸ਼ਿਆਰਪੁਰ ਨਗਰ ਨਿਗਮ ਨੇ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਸ਼ਹਿਰ ਦੀਆਂ ਹੱਦਾਂ ਵਿਚੋਂ ਲੰਘਦੇ ਨਾਲਿਆਂ ਅਤੇ ਨਾਲ਼ੀਆਂ ਦੇ ਕੰਢਿਆਂ ਦੀ ਸਫਾਈ, ਨਦੀਨਾਂ ਦੀ ਕਟਾਈ, ਸੜਕਾਂ ਦੀ ਮੁਰੰਮਤ ਅਤੇ ਲਾਈਟਾਂ ਦੀ ਮੁਰੰਮਤ ਵਰਗੇ ਕੰਮ ਕੀਤੇ ਜਾਣਗੇ।
ਇਸ ਮੌਕੇ ਬਲਾਕ ਪ੍ਰਧਾਨ ਜਸਪਾਲ ਸੁਮਨ, ਕੌਂਸਲਰ ਮੁਕੇਸ਼ ਮੱਲ, ਕੌਂਸਲਰ ਮਨਜੀਤ, ਵਾਰਡ ਪ੍ਰਧਾਨ ਜੋਗਿੰਦਰ ਰਾਜਾ, ਸੁਰਿੰਦਰ ਭੋਗਲ, ਰਚਨਾ ਅੱਤਰੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।