ਸ਼੍ਰੋਮਣੀ ਸਾਹਿਤਕਾਰ ਸਿਰੀ ਰਾਮ ਅਰਸ਼ ਦੇ ਦੇਹਾਂਤ ‘ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਪੰਜਾਬੀ ਸਾਹਿਤ ਜਗਤ ਦੀ ਉੱਘੀ ਸ਼ਖ਼ਸੀਅਤ ਉਸਤਾਦ ਗ਼ਜ਼ਲਗੋ ਸਿਰੀ ਰਾਮ ਅਰਸ਼ ਜਿਨ੍ਹਾਂ ਦਾ ਬੀਤੀ ਰਾਤ ਲੰਮੀ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ ਸੀ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਮੋਹਾਲੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ।
ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਪਰਿਵਾਰਕ ਮੈਂਬਰਾਂ ਅਤੇ ਬੁੱਧੀਜੀਵੀਆਂ ਨੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋ ਕੇ ਸਿਰੀ ਰਾਮ ਅਰਸ਼
ਨੂੰ ਸ਼ਰਧਾਂਜਲੀ ਭੇਂਟ ਕੀਤੀ ।
ਸ੍ਰੀ ਅਰਸ਼ ਬਹੁਤ ਲੰਮੇ ਅਰਸੇ ਤੋਂ ਪੰਜਾਬੀ ਲੇਖਕ ਸਭਾ ਨਾਲ ਜੁੜੇ ਹੋਏ ਸਨ । ਉਹ ਇਸ ਦੇ ਪ੍ਰਧਾਨ ਹੋਣ ਤੋਂ ਇਲਾਵਾ ਕਈ ਹੋਰ ਅਹੁਦਿਆਂ ਤੇ ਬਿਰਾਜਮਾਨ ਰਹੇ । ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰ ਸਾਹਿਤਕ ਜਥੇਬੰਦੀਆਂ ਵਿੱਚ ਵੀ ਉਨ੍ਹਾਂ ਦੀ ਸਰਗਰਮ ਭੂਮਿਕਾ ਰਹੀ ।
21 ਕਿਤਾਬਾਂ ਲਿਖ ਚੁਕੇ ਅਰਸ਼ ਜੀ ਨੂੰ ਬਹੁਤ ਸਾਰੇ ਸਨਮਾਨਾਂ ਨਾਲ ਨਵਾਜ਼ਿਆ ਜਾ ਚੁੱਕਾ ਹੈ ਜਿੰਨ੍ਹਾ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ 2021 ‘ਚ ਦਿੱਤਾ ਗਿਆ ਵੱਕਾਰੀ ਸ਼੍ਰੋਮਣੀ ਕਵੀ ਪੁਰਸਕਾਰ ਵੀ ਸ਼ਾਮਿਲ ਹੈ ।
ਸ੍ਰੀ ਅਰਸ਼ ਆਪਣੇ ਪਰਿਵਾਰ ਵਿੱਚ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ । ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸ਼ਾਮਿਲ ਪ੍ਰਮੁੱਖ ਹਸਤੀਆਂ ਵਿੱਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਕਾਮਰੇਡ ਬੰਤ ਸਿੰਘ ਬਰਾੜ, ਸਾਹਿਤਿਕ ਸ਼ਖ਼ਸੀਅਤਾਂ ਡਾ. ਸੁਖਦੇਵ ਸਿੰਘ ਸਿਰਸਾ, ਡਾ. ਲਾਭ ਸਿੰਘ ਖੀਵਾ, ਗੁਰਨਾਮ ਕੰਵਰ, ਬਲਕਾਰ ਸਿੱਧੂ, ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਸਿੰਘ ਮਲਿਕ, ਪਾਲ ਅਜਨਬੀ, ਹਰਮਿੰਦਰ ਕਾਲੜਾ, ਗੁਰਦੇਵ ਪਾਲ, ਊਸ਼ਾ ਕੰਵਰ, ਦਿਲਦਾਰ ਸਿੰਘ, ਦੇਵੀ ਦਿਆਲ ਸ਼ਰਮਾ, ਪ੍ਰੀਤਮ ਹੁੰਦਲ, ਗੁਰਦਰਸ਼ਨ ਸਿੰਘ ਮਾਵੀ, ਦਵਿੰਦਰ ਕੌਰ ਢਿੱਲੋਂ, ਹਰਜੀਤ ਸਿੰਘ, ਸਰਦਾਰਾ ਸਿੰਘ ਚੀਮਾ, ਗੋਵਰਧਨ ਗੱਬੀ, ਗੁਰਜਿੰਦਰ ਸਿੰਘ, ਸਚਪ੍ਰੀਤ ਖੀਵਾ, ਸ਼ਾਇਰ ਭੱਟੀ, ਪ੍ਰਹਿਲਾਦ ਸਿੰਘ ਦੇ ਨਾਮ ਕਾਬਿਲੇ ਜ਼ਿਕਰ ਹਨ ।