-ਨਸ਼ੇ ਦੇ ਸੌਦਾਗਰਾਂ ਵਿਰੁੱਧ ਪੰਜਾਬ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰ ਰਹੀ ਹੈ- ਜਿਲਾ ਪੁਲਿਸ ਮੁਖੀ
ਅੰਮ੍ਰਿਤਸਰ ਦਿਹਾਤੀ ਪੁਲਸ ਨੇ ਹੁਣ ਤੱਕ 150 ਕਿਲੋ ਹੈਰੋਇਨ ਅਤੇ ਦੋ ਕਰੋੜ ਦੀ ਨਗਦੀ ਫੜੀ
ਅੰਮ੍ਰਿਤਸਰ ,17 ਅਗਸਤ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਸ਼ੁਰੂ ਕੀਤੇ ਗਏ ਯੁੱਧ ਨਸ਼ੇ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਨੇ ਪੁਲਿਸ ਦੀ ਮਦਦ ਨਾਲ ਸਰਹੱਦੀ ਪਿੰਡ ਰਣਗੜ੍ਹ ਵਿਖੇ ਨਸ਼ਾ ਸਮਗਲਰਾਂ ਦੇ ਪਰਿਵਾਰ ਜਿਸ ਵਿੱਚ ਜਨਕ ਸਿੰਘ ਉਰਫ ਬਿੱਕਾ ਪੁੱਤਰ ਬਲਦੇਵ ਸਿੰਘ, ਜਨਕ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਨਿਸ਼ਾਨ ਸਿੰਘ ਪੁੱਤਰ ਬਲਦੇਵ ਸਿੰਘ ਸ਼ਾਮਿਲ ਹਨ, ਦਾ ਨਜਾਇਜ਼ ਬਣਾਇਆ ਗਿਆ ਘਰ ਮਲੀਆਮੇਟ ਕਰ ਦਿੱਤਾ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅਸੀਂ 1 ਮਾਰਚ ਤੋਂ ਲੈ ਕੇ ਹੁਣ ਤੱਕ 150 ਕਿਲੋ ਦੇ ਕਰੀਬ ਹੈਰੋਇਨ ਅਤੇ ਦੋ ਕਰੋੜ ਰੁਪਏ ਡਰੱਗ ਮਨੀ ਬਰਾਮਦ ਕਰ ਚੁੱਕੇ ਹਾਂ ਅਤੇ ਚਾਰ ਕਰੋੜ ਰੁਪਏ ਦੀ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਦੀ ਜਬਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਢਾਹੁਣ ਵਾਲੀ ਇਹ ਛੇਵੀਂ ਕਾਰਵਾਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸ ਮਨਿੰਦਰ ਸਿੰਘ ਨੇ ਦੱਸਿਆ ਕਿ ਉਕਤ ਜਨਕ ਸਿੰਘ ਖਿਲਾਫ ਤਿੰਨ ਅਤੇ ਉਸਦੇ ਭਰਾਵਾਂ ਖਿਲਾਫ ਵੀ ਤਿੰਨ ਮੁਕਦਮੇ ਵੱਖ ਵੱਖ ਧਰਾਵਾਂ ਅਧੀਨ ਦਰਜ ਹਨ ਅਤੇ ਇਨ੍ਹਾਂ ਨੇ ਪਿੰਡ ਦੀ ਪੰਚਾਇਤੀ ਜਮੀਨ ਉਤੇ ਨਾਜਾਇਜ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਸੀ। ਜਿਸ ਸਬੰਧ ਵਿੱਚ ਵਿਭਾਗ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਇਹ ਨਜਾਇਜ਼ ਉਸਾਰੀ ਢਾਹ ਦਿੱਤੀ ਗਈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨਸ਼ੇ ਦੇ ਖਾਤਮੇ ਲਈ ਨਸ਼ਾ ਤਸਕਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਵੇਗੀ।
ਇਸ ਮੌਕੇ ਪਹੁੰਚੇ ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਜਨਕ ਸਿੰਘ ਤੇ ਉਸ ਦਾ ਇੱਕ ਭਰਾ ਇਸ ਵੇਲੇ ਜਮਾਨਤ ਉੱਤੇ ਹਨ ਅਤੇ ਇੱਕ ਭਰਾ ਜੇਲ ਵਿੱਚ ਹੈ। ਇੰਨਾ ਵੱਲੋਂ ਨਸ਼ਿਆਂ ਦਾ ਕਾਰੋਬਾਰ ਕਰਕੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਇਹ ਘਰ ਬਣਾਇਆ ਹੋਇਆ ਸੀ ਇਸ ਲਈ ਇਹ ਘਰ ਜਾਬਤੇ ਅਨੁਸਾਰ ਖਾਲੀ ਕਰਵਾ ਕੇ ਜਗ੍ਹਾ ਪੰਚਾਇਤ ਦੇ ਹਵਾਲੇ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇੰਨਾ ਵਰਗੇ ਹੋਰ ਨਸ਼ਾ ਤਸਕਰਾਂ ਨੂੰ ਇਹ ਸਖਤ ਤਾੜਨਾ ਹੈ ਕਿ ਉਹ ਜਾਂ ਤਾਂ ਮਾੜੇ ਕੰਮ ਛੱਡ ਕੇ ਮੁੱਖਧਾਰਾ ਵਿੱਚ ਸ਼ਾਮਿਲ ਹੋ ਕੇ ਆਮ ਜਿੰਦਗੀ ਬਤੀਤ ਕਰਨ ਨਹੀਂ ਤਾਂ ਜੇਲ ਜਾਣ ਲਈ ਤਿਆਰ ਰਹਿਣ। ਅਜਿਹੇ ਹੋਰ ਨਸ਼ਾ ਤਸਕਰਾਂ ਦੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ।