ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜੁਲਾਈ 5
ਪੰਜਾਬ ਸਰਕਾਰ 10-11 ਜੁਲਾਈ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇਗਾ। ਇਸ ਦੌਰਾਨ ਬੇਅਦਬੀ ਦੇ ਖਿਲਾਫ਼ ਮਾਨ ਸਰਕਾਰ ਵਲੋਂ ਕਾਨੂੰਨ ਲਿਆਂਦਾ ਜਾਵੇਗਾ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਪੰਜਾਬ ਸਰਕਾਰ ਦੇ ਸੂਤਰਾਂ ਅਨੁਸਾਰ ਇਸ ਸੈਸ਼ਨ ਲਈ ਸੋਮਵਾਰ ਨੂੰ 7 ਜੁਲਾਈ ਨੂੰ ਇਕ ਮਹੱਤਵਪੂਰਨ ਕੈਬਨਿਟ ਮੀਟਿੰਗ ਹੋਵੇਗੀ, ਜਿਸ ਵਿਚ ਨਸ਼ਾ ਤਸਕਰੀ ਸੰਬੰਧੀ ਸਖ਼ਤ ਫੈਸਲੇ ਲਏ ਜਾ ਸਕਦੇ ਹਨ। ਇਸ ਦੇ ਨਾਲ ਹੀ ਸਤਲੁਜ ਯਮੁਨਾ ਲਿੰਕ ਨਹਿਰ ਲਈ ਰਣਨੀਤੀ ਤਿਆਰ ਕਰਨ ’ਤੇ ਚਰਚਾ ਹੋ ਸਕਦੀ ਹੈ।
ਸੂਤਰਾਂ ਅਨੁਸਾਰ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਸਵੇਰੇ 10.30 ਵਜੇ ਸ਼ੁਰੂ ਹੋਵੇਗੀ ਅਤੇ ਇਹ ਮੁੱਖ ਮੰਤਰੀ ਦੇ ਨਿਵਾਸ ’ਤੇ ਹੀ ਬੁਲਾਈ ਗਈ ਹੈ। ਪਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਨਸ਼ਿਆਂ ਦਾ ਮੁੱਦਾ ਮਹੱਤਵਪੂਰਨ ਹੋਵੇਗਾ। ਇਸ ਤੋਂ ਇਲਾਵਾ ਐਸ.ਵਾਈ.ਐਲ. ’ਤੇ ਚਰਚਾ ਕੀਤੀ ਜਾਵੇਗੀ, ਕਿਉਂਕਿ 9 ਜੁਲਾਈ ਨੂੰ ਹੀ ਕੇਂਦਰ ਵਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਇਸ ਮੁੱਦੇ ’ਤੇ ਗੱਲਬਾਤ ਲਈ ਬੁਲਾਇਆ ਗਿਆ ਹੈ।