ਫੈਕਟ ਸਮਾਚਾਰ ਸੇਵਾ
ਸ੍ਰੀਨਗਰ, ਜੁਲਾਈ 2
ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਅੱਜ ਜੰਮੂ ਤੋਂ ਰਵਾਨਾ ਹੋਇਆ। ਉਪ ਰਾਜਪਾਲ (ਐਲਜੀ) ਮਨੋਜ ਸਿਨਹਾ ਨੇ ਭਗਵਤੀ ਨਗਰ ਬੇਸ ਕੈਂਪ ਤੋਂ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਸ਼ਰਧਾਲੂ ਹਰ ਹਰ ਮਹਾਦੇਵ ਅਤੇ ਬਮ ਬਮ ਭੋਲੇ ਦੇ ਜਾਪ ਕਰਦੇ ਰਹੇ। ਯਾਤਰਾ ਅਧਿਕਾਰਤ ਤੌਰ ’ਤੇ 3 ਜੁਲਾਈ ਤੋਂ ਸ਼ੁਰੂ ਹੋਵੇਗੀ। 38 ਦਿਨਾਂ ਦੀ ਇਹ ਯਾਤਰਾ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਤੋਂ ਹੋਵੇਗੀ। ਇਹ ਯਾਤਰਾ 9 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ।
ਪਿਛਲੇ ਸਾਲ ਇਹ ਯਾਤਰਾ 52 ਦਿਨ ਚੱਲੀ ਅਤੇ 5 ਲੱਖ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਸਨ। ਇਸ ਸਾਲ ਹੁਣ ਤੱਕ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਤੁਰੰਤ ਰਜਿਸਟ੍ਰੇਸ਼ਨ ਲਈ ਜੰਮੂ ਵਿਚ ਸਰਸਵਤੀ ਧਾਮ, ਵੈਸ਼ਨਵੀ ਧਾਮ, ਪੰਚਾਇਤ ਭਵਨ ਅਤੇ ਮਹਾਜਨ ਸਭਾ ਵਿਚ ਕੇਂਦਰ ਖੋਲ੍ਹੇ ਗਏ ਹਨ। ਇਹ ਕੇਂਦਰ ਹਰ ਰੋਜ਼ ਦੋ ਹਜ਼ਾਰ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਕਰ ਰਹੇ ਹਨ।