ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜੁਲਾਈ 1
ਚੰਡੀਗੜ੍ਹ ਵਿੱਚ ਹੋਈ ਭਾਰੀ ਬਾਰਿਸ਼ ਨੇ ਸ਼ਹਿਰ ਦੀਆਂ ਸੜਕਾਂ ਦੀ ਅਸਲੀਅਤ ਨੂੰ ਉਜਾਗਰ ਕਰ ਦਿੱਤਾ ਹੈ। ਕਈ ਥਾਵਾਂ ‘ਤੇ ਸੜਕਾਂ ਧੱਸ ਗਈਆਂ ਹਨ ਅਤੇ ਡੂੰਘੇ ਟੋਏ ਪੈ ਗਏ ਹਨ।
ਬੁੜੈਲ ਵਿੱਚ ਸਰਕਾਰੀ ਸਕੂਲ ਦੀ ਕੰਧ ਡਿੱਗ ਗਈ ਅਤੇ ਬਾਰਿਸ਼ ਰੁਕਣ ਦੇ 24 ਘੰਟੇ ਬਾਅਦ ਵੀ ISBT-43 ਦੀ ਪਾਰਕਿੰਗ ਵਿੱਚ ਪਾਣੀ ਭਰਿਆ ਹੋਇਆ ਹੈ। ਪਾਣੀ ਇੰਨਾ ਜ਼ਿਆਦਾ ਹੈ ਕਿ ਲੋਕ ਬਾਹਰ ਵੀ ਨਹੀਂ ਨਿਕਲ ਪਾ ਰਹੇ। ਇਨ੍ਹਾਂ ਘਟਨਾਵਾਂ ਨੇ ਇੱਕ ਵਾਰ ਫਿਰ ਚੰਡੀਗੜ੍ਹ ਦੇ ਸਮਾਰਟ ਸਿਟੀ ਅਕਸ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਭਾਰੀ ਮੀਂਹ ਤੋਂ ਬਾਅਦ ਸੋਮਵਾਰ ਸਵੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਸੜਕ ਟੁੱਟਣ ਅਤੇ ਟੋਇਆਂ ਪੈਣ ਦੀਆਂ ਰਿਪੋਰਟਾਂ ਆਈਆਂ। ਸੈਕਟਰ-47/48 ਦੇ ਟੀ-ਪੁਆਇੰਟ ‘ਤੇ ਇੱਕ ਨੌਜਵਾਨ ਆਪਣੀ ਮੋਟਰ ਸਾਈਕਲ ਸਮੇਤ ਟੋਏ ਵਿੱਚ ਡਿੱਗ ਗਿਆ। ਬਚਾਅ ਰਿਹਾ ਕੀ ਨੌਜਵਾਨ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ, ਨਹੀਂ ਤਾਂ ਹਾਦਸਾ ਘਾਤਕ ਹੋ ਸਕਦਾ ਸੀ। ਸੈਕਟਰ-20 ਵਿੱਚ ਸਾਈਕਲ ਟਰੈਕ ਦੀ ਸੜਕ ਧੱਸ ਗਈ, ਜਿਸ ਕਾਰਨ ਉੱਥੋਂ ਲੰਘਣ ਵਾਲੇ ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਦਾ ਡਰ ਵਧ ਗਿਆ ਹੈ। ਸੈਕਟਰ-46/47 ਚੌਕ ‘ਤੇ ਵੀ ਇੱਕ ਵੱਡਾ ਟੋਆ ਬਣ ਗਿਆ ਹੈ। ਇਸ ਤੋਂ ਇਲਾਵਾ GMSSS-45 ਬੁੜੈਲ ਵਿੱਚ ਸਕੂਲ ਦੀ ਕੰਧ ਢਹਿ ਗਈ, ਜਿਸ ਕਾਰਨ ਬੱਚਿਆਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।