View in English:
June 22, 2025 3:35 am

ਮੋਗਾ ਵਿੱਚ ਅੰਤਰ-ਰਾਸ਼ਟਰੀ ਯੋਗਾ ਦਿਵਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ

ਫੈਕਟ ਸਮਾਚਾਰ ਸੇਵਾ

ਮੋਗਾ, ਜੂਨ 21

ਪੰਜਾਬ ਸਰਕਾਰ ਦੀ ਮਹੱਤਵਪੂਰਨ ਸਿਹਤ ਯੋਜਨਾ “ਸੀ ਐਮ ਦੀ ਯੋਗਸ਼ਾਲਾ” ਦੇ ਤਹਿਤ ਅੱਜ ਜ਼ਿਲ੍ਹਾ ਮੋਗਾ ਦੇ ਕਸ਼ਮੀਰੀ ਪਾਰਕ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ, ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਆਮ ਲੋਕਾਂ, ਵਿਦਿਆਰਥੀਆਂ, ਯੋਗਾ ਇੰਸਟ੍ਰਕਟਰਾਂ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮਾਜਿਕ ਸੰਗਠਨਾਂ ਨੇ ਸ਼ਮੂਲੀਅਤ ਕੀਤੀ।

ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਹਰ ਘਰ ਵਿੱਚ ਯੋਗ ਹੋਵੇ ਅਤੇ ਹਰੇਕ ਘਰ ਦੇ ਮੈਂਬਰ ਰੋਗ ਮੁਕਤ ਜਿੰਦਗੀ ਜਿਉਣ। ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ, ਅੰਤਰਰਾਸ਼ਟਰੀ ਯੋਗ ਦਿਵਸ ਨੂੰ ਇੱਕ ਜਨਤਕ ਜਸ਼ਨ ਵਜੋਂ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਕੱਲ ਯੋਗਾ ਦਾ ਅਭਿਆਸ ਦੁਨੀਆ ਭਰ ਵਿਚ ਸਿਹਤਮੰਦ ਜੀਵਨ ਸ਼ੈਲੀ ਦਾ ਹਿੱਸਾ ਬਣ ਚੁੱਕਿਆ ਹੈ। ਅੱਜ ਦੀ ਜੀਵਨ ਸ਼ੈਲੀ ਵਿੱਚ ਜਦੋਂ ਸਿਹਤ ਸਮੱਸਿਆ ਜਿਵੇਂ ਕਿ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਚਿੰਤਾ ਸੰਬੰਧੀ ਵਿਕਾਰ ਬਹੁਤ ਹੀ ਪ੍ਰਚਲਿਤ ਹਨ ਅਜਿਹੇ ਵੇਲੇ ਯੋਗਾ ਸੰਪੂਰਣ ਸਿਹਤ ਅਭਿਆਸ ਹੈ। ਯੋਗਾ, ਸਰੀਰਕ ਤੰਦਰੁਸਤੀ, ਮਾਨਵ ਪ੍ਰਣਾਲੀ ਦੇ ਕੰਮਕਾਜ ਅਤੇ ਕਾਰਡੀਓ-ਨਾੜੀ ਲਈ ਲਾਭਦਾਇਕ ਹਨ। ਇਹ ਸ਼ੂਗਰ, ਸਾਹ ਦੀ ਬਿਮਾਰੀ, ਹਾਈਪਰਟੈਨਸ਼ਨ ਅਤੇ ਜੀਵਨ ਸ਼ੈਲੀ ਨਾਲ ਸੰਬੰਧਿਤ ਕਈ ਵਿਕਾਰਾਂ ਦੇ ਪ੍ਰਬੰਧਨ ਵਿੱਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਹ ਡਿਪਰੈਸ਼ਨ, ਥਕਾਵਟ, ਚਿੰਤਾ ਅਤੇ ਤਣਾਉ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਦਾ ਪੇਂਡੂ ਖੇਤਰਾਂ ਵਿੱਚ ਵੀ ਵਿਸਥਾਰ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਸਿਹਤਮੰਦ ਬਣਾਉਣ ਦੇ ਨਾਲ ਨਾਲ ਉਹਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਸਕੀਮ ਤਹਿਤ ਨੌਕਰੀਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਵੱਲੋਂ ਸਭ ਤੋਂ ਵਧੀਆ ਯੋਗਾ ਕਰਨ ਵਾਲੇ 24 ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ। ਜ਼ਿਲ੍ਹਾ ਤੇ ਸਬ ਡਿਵੀਜ਼ਨ ਪੱਧਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕੁੱਲ 55 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਸਮਾਗਮ ਵਿੱਚ ਮੇਅਰ ਨਗਰ ਨਿਗਮ ਮੋਗਾ ਬਲਜੀਤ ਸਿੰਘ ਚਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ, ਐਸ ਐਸ ਪੀ ਅਜੇ ਗਾਂਧੀ, ਮੁੱਖ ਮੰਤਰੀ ਫੀਲਡ ਅਫ਼ਸਰ ਗਗਨਦੀਪ, ਐਸ ਪੀ (ਡੀ) ਸੰਦੀਪ ਸਿੰਘ, ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ ਪਲਵਿੰਦਰ ਸਿੰਘ, ਸੀ ਐਮ ਦੀ ਯੋਗਸ਼ਾਲਾ ਸਕੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਮਿਸ ਭਾਰਤੀ ਭਾਵਨਾ, ਆਯੂਸ਼ ਹਸਪਤਾਲ ਤੋਂ ਡਾਕਟਰ ਗੁਰਪ੍ਰੀਤ ਸਿੰਘ ਮੌਜੂਦ ਸਨ। ਉੱਚ ਪੱਧਰੀ ਸਿਵਲ, ਪੁਲਿਸ ਅਧਿਕਾਰੀਆਂ ਆਦਿ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨਾਲ ਯੋਗਾ ਦੇ ਮਾਹਿਰ ਇੰਸਟ੍ਰਕਟਰਾਂ ਨਾਲ ਯੋਗ ਕਿਰਿਆਵਾਂ ਕੀਤੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਕ ਸਿਹਤਮੰਦ ਮਨ ਬਿਮਾਰ ਸਰੀਰ ਵਿੱਚ ਨਹੀਂ ਰਹਿ ਸਕਦਾ। ਜੇਕਰ ਮਨ ਤੰਦਰੁਸਤ ਨਹੀਂ ਤਾਂ ਵਿਚਾਰ ਵੀ ਤੰਦਰੁਸਤ ਨਹੀਂ ਹੋ ਸਕਦੇ ਅਤੇ ਜਦੋਂ ਵਿਚਾਰ ਹੀ ਤੰਦਰੁਸਤ ਨਹੀਂ ਤਾਂ ਕਰਮ ਦਾ ਅਭਿਆਸ ਕਿਵੇਂ ਹੋਵੇਗਾ, ਮਨੁੱਖ ਆਪਣੇ ਕਰਤੱਵ ਕਿਵੇਂ ਨਿਭਾਏਗਾ। ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਣ ਲਈ ਯੋਗਾ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਵਿਚਾਰ ਮਜ਼ਬੂਤ ਕਰਨੇ ਪੈਣਗੇ ਅਤੇ ਵਿਚਾਰਾਂ ਦੀ ਮਜ਼ਬੂਤੀ ਲਈ ਯੋਗਾ ਜਰੂਰੀ ਹੈ। ਯੋਗ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਵਰਦਾਨ ਦੱਸਦਿਆਂ ਉਹਨਾਂ ਕਿਹਾ ਕਿ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਿਹਤਮੰਦ ਜੀਵਨ ਜਿਊਣ ਵਿੱਚ ਮਦਦ ਕਰ ਰਹੀਆਂ ਹਨ। ਉਨ੍ਹਾਂ ਹਰੇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।

ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਵੀ ਕਾਰਗਰ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਯੋਗਾ ਰਾਹੀਂ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਇਸ ਅਲਾਮਤ ਤੋਂ ਨਿਜਾਤ ਦਿਵਾਉਣ ਲਈ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ।

ਸੀ ਐਮ ਦੀ ਯੋਗਸ਼ਾਲਾ ਸਕੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਮਿਸ ਭਾਰਤੀ ਭਾਵਨਾ ਨੇ ਕਿਹਾ ਕਿ ਇਸ ਵੇਲੇ ਮੋਗਾ ਵਿੱਚ 97 ਕਲਾਸਾਂ ਤੋਂ ਇਲਾਵਾ 57 ਕਲਾਸਾਂ ਪੇਂਡੂ ਖੇਤਰਾਂ ਵਿੱਚ ਵੀ ਲਗਾਈਆਂ ਜਾ ਰਹੀਆਂ ਹਨ। ਮੋਗਾ ਜ਼ਿਲ੍ਹੇ ਦੇ 5000 ਤੋਂ ਵਧੇਰੇ ਵਿਅਕਤੀ ਸੀ.ਐਮ. ਦੀ ਯੋਗਸ਼ਾਲਾ ਨਾਲ ਰਜਿਸਟਰਡ ਹਨ। ਉਹਨਾਂ ਕਿਹਾ ਕਿ ਯੋਗਾ ਕਰਨ ਦੇ ਇਛੁੱਕ 25 ਮੈਂਬਰਾਂ ਵਾਲੇ ਕਿਸੇ ਵੀ ਮੁਹੱਲੇ ਵਿੱਚ 76694-00500 ਉੱਪਰ ਮਿਸਡ ਕਾਲ ਕੀਤੀ ਜਾ ਸਕਦੀ ਹੈ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਮੁਫ਼ਤ ਯੋਗਾ ਟੀਚਰ ਮੁੱਹਈਆ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *

View in English