ਫੈਕਟ ਸਮਾਚਾਰ ਸੇਵਾ
ਲੁਧਿਆਣਾ, ਜੂਨ 7
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ 64-ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਸਮੂਹ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ/ਨੁਮਾਇੰਦਿਆਂ ਨੂੰ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਖਰਚਿਆਂ ਸਬੰਧੀ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ।
ਟ੍ਰੇਨਿੰਗ ਸੈਸ਼ਨ ਦੌਰਾਨ, ਲੁਧਿਆਣਾ ਪੱਛਮੀ ਜਿਮਨੀ ਚੋਣ ਖਰਚਾ ਆਬਜ਼ਰਵਰ ਇੰਡਾਨਾ ਅਸ਼ੋਕ ਕੁਮਾਰ, ਆਈ.ਆਰ.ਐਸ., ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਰਜੀਤ ਬੈਂਸ, ਏ.ਸੀ.ਐਫ.ਏ. ਹਰਜਸਦੀਪ ਸਿੰਘ ਸਿੱਧੂ, ਏ.ਸੀ.ਐਫ.ਏ. ਰਾਕੇਸ਼ ਬਾਂਸਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਵੱਖ-ਵੱਖ 14 ਉਮੀਦਵਾਰਾਂ/ਨੁਮਾਇੰਦਿਆਂ ਦੀ, ਚੋਣਾਂ ਦੌਰਾਨ ਕੀਤੇ ਜਾ ਸਕਣ ਵਾਲੇ ਖਰਚੇ ਅਤੇ ਮਾਡਲ ਕੋਡ ਆਫ਼ ਕੰਡਕਟ ਦੇ ਨਿਯਮਾਂ ਦੀ ਪਾਲਣਾ ਸਬੰਧੀ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਸਥਾਨਕ ਬੱਚਤ ਭਵਨ ਵਿਖੇ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਖਰਚੇ ਦੀ ਸੀਮਾ 40 ਲੱਖ ਨਿਰਧਾਰਿਤ ਕੀਤੀ ਗਈ ਹੈ। ਕੋਈ ਵੀ ਉਮੀਦਵਾਰ ਉਸ ਸੀਮਾਂ ਤੋਂ ਵੱਧ ਖਰਚਾ ਨਹੀਂ ਕਰ ਸਕਦਾ। ਇਸ ਖਰਚੇ ਨੂੰ ਕਿਵੇਂ ਮੈਨਟੇਨ ਕਰਨਾ ਹੈ, ਇਸ ਸਬੰਧੀ ਭਾਰਤ ਚੋਣ ਕਮਿਸ਼ਨ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਬਾਰੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ/ਨੁਮਾਇੰਦਿਆਂ ਨੂੰ ਬਰੀਕੀ ਨਾਲ ਸਮਝਾਇਆ ਗਿਆ।
ਉਨ੍ਹਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਆਪਣਾ ਖਰਚਾ ਰਜਿਸਟਰ ਜਰੂਰੀ ਤੌਰ ‘ਤੇ ਮੈਨਟੇਨ ਕਰਨਗੇ ਕਿਉਂਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ 09 ਜੂਨ, 13 ਜੂਨ ਅਤੇ 17 ਜੂਨ, 2025 ਨੂੰ ਖਰਚਿਆਂ ਦੀ ਸਮੀਖਿਆ ਕੀਤੀ ਜਾਣੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਮੀਦਵਾਰ ਨੂੰ ਆਪਣੇ ਨੋਮੀਨੇਸ਼ਨ ਭਰਨ ਵਾਲੇ ਦਿਨ ਤੋਂ ਚੋਣਾਂ ਦੇ ਨਤੀਜੇ ਵਾਲੇ ਦਿਨ ਤੱਕ ਆਪਣੇ ਖਰਚੇ ਦਾ ਹਿਸਾਬ ਇਸ ਰਜਿਸਟਰ ਵਿੱਚ ਦਰਜ ਕਰਨਾ ਪਵੇਗਾ, ਜਿਸਦੀ ਹੱਦ ਚੋਣ ਕਮਿਸ਼ਨ ਵੱਲੋਂ 40 ਲੱਖ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੇ ਨਤੀਜੇ ਆਉਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਇਸ ਖਰਚੇ ਦਾ ਹਿਸਾਬ ਉਮੀਦਵਾਰ ਨੂੰ ਦੇਣਾ ਪਵੇਗਾ।
ਉਪਰੋਕਤ ਤੋਂ ਇਲਾਵਾ ਚੋਣ ਸਮੱਗਰੀ ਛਪਵਾਉਣ ਸਬੰਧੀ, ਹੋਰ ਚੋਣ ਪ੍ਰਚਾਰ ਸਬੰਧੀ ਅਤੇ ਆਦਰਸ਼ ਚੋਣ ਜਾਬਤੇ ਦੇ ਨਿਯਮਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਸਾਂਝੀ ਕੀਤੀ ਗਈ।