ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਅਪ੍ਰੈਲ 24
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਸਰਗਰਮ ਪੁਲਿਸਿੰਗ ਅਤੇ ਲੋਕਾਂ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ, ਪੰਜਾਬ ਪੁਲਿਸ ਨੇ ਯਾਰਾ ਇੰਡੀਆ ਦੇ ਸਹਿਯੋਗ ਨਾਲ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਵਿਸ਼ੇਸ਼ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ‘ਆਈ ਐਮ ਸੇਫ਼ਟੀ ਹੀਰੋ’ ਦੀ ਸ਼ੁਰੁਆਤ ਕੀਤੀ । ਇਹ ਮੁਹਿੰਮ ਪੰਜਾਬ ਪੁਲਿਸ ਦੇ ਟਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਦੁਆਰਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਟਰੈਫਿਕ ਅਤੇ ਸੜਕ ਸੁਰੱਖਿਆ ਏ.ਐਸ. ਰਾਏ ਨੇ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਖੇਤੀਬਾੜੀ ਵਾਹਨਾਂ, ਖਾਸ ਕਰਕੇ ਟਰੈਕਟਰ-ਟਰਾਲੀਆਂ ਨਾਲ ਸਬੰਧਤ ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਨੂੰ ਸਿੱਖਿਆ, ਜਾਗਰੂਕਤਾ ਅਤੇ ਸਮੂਹਿਕ ਜ਼ਿੰਮੇਵਾਰੀ ਰਾਹੀਂ ਨਜਿੱਠਣਾ ਹੈ।
ਇਸ ਦੌਰਾਨ ਟਰੈਕਟਰ-ਟਰਾਲੀਆਂ ਲਈ ਰਿਫਲੈਕਟਿਵ ਸੁਰੱਖਿਆ ਸਟਿੱਕਰ ਜਾਰੀ ਕੀਤੇ ਗਏ ਅਤੇ ਨਾਲ ਹੀ ਸਾਲ ਭਰ ਜਾਗਰੂਕਤਾ ਮੁਹਿੰਮਾਂ ਦਾ ਸਮਰਥਨ ਕਰਨ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਜਾਣਕਾਰੀ, ਸਿੱਖਿਆ ਅਤੇ ਸੰਚਾਰ (ਆਈਈਸੀ) ਸਮੱਗਰੀ ਵੀ ਪੇਸ਼ ਕੀਤੀ ਗਈ। ਯਾਰਾ ਸਾਊਥ ਏਸ਼ੀਆ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਕੰਵਰ ਅਤੇ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ (ਪੀਆਰਐਸਟੀਆਰਸੀ) ਦੇ ਡਾਇਰੈਕਟਰ ਡਾ. ਨਵਦੀਪ ਅਸੀਜਾ ਵੀ ਇਸ ਮੌਕੇ ਮੌਜੂਦ ਸਨ।
ਏਡੀਜੀਪੀ ਨੇ ਕਿਹਾ ਕਿ ਇਹ ਮਟੀਰੀਅਲ ਪੰਜਾਬ ਪੁਲਿਸ ਦੇ ਸਾਰੇ ਜ਼ਿਲਿ੍ਹਆਂ ਅਤੇ ਕਮਿਸ਼ਨਰੇਟਾਂ ਵਿੱਚ ਟਰੈਫਿਕ ਅਤੇ ਸੜਕ ਸੁਰੱਖਿਆ ਸਿੱਖਿਆ ਸੈੱਲਾਂ ਵਿੱਚ ਵੰਡਿਆ ਜਾਵੇਗਾ, ਜਿਸ ਨਾਲ ਢਾਂਚਾਗਤ ਪ੍ਰੋਗਰਾਮਿੰਗ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਅਤੇ ਕਮਿਊਨਿਟੀ ਮੈਂਬਰਾਂ ਤੱਕ ਪਹੁੰਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਨ ਲਈ, ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ – ਖੰਨਾ ਮੰਡੀ – ਵਿਖੇ ਵੀਰਵਾਰ ਤੋਂ ਤਿੰਨ ਦਿਨਾਂ ਮਾਡਲ ਕਿਸਾਨ ਜਾਗਰੂਕਤਾ ਕੈਂਪ ਸ਼ੁਰੂ ਹੋਵੇਗਾ, ਜਿਸ ਤਹਿਤ ਖੰਨਾ ਮਾਰਕੀਟ ਕਮੇਟੀ ਦਫ਼ਤਰ ਵਿਖੇ ਇੱਕ ਏਅਰ-ਕੂਲਡ ਜਾਗਰੂਕਤਾ ਬੂਥ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਕਲਾਸਰੂਮ-ਸ਼ੈਲੀ ਦੀਆਂ ਸੀਟਾਂ ਹੋਣਗੀਆਂ ਅਤੇ ਘੱਟੋ-ਘੱਟ 10 ਕੇਂਦ੍ਰਿਤ ਜਾਗਰੂਕਤਾ ਸੈਸ਼ਨ ਕਰਵਾਉਣ ਤੋਂ ਇਲਾਵਾ ਨੁੱਕੜ ਨਾਟਕ, ਸੇਫਟੀ ਗੀਅਰ ਵੰਡ ਅਤੇ ਕਿਸਾਨਾਂ, ਮੰਡੀ ਕਾਮਿਆਂ ਅਤੇ ਟਰਾਂਸਪੋਰਟਰਾਂ ਲਈ ਲਾਈਵ ਪ੍ਰਦਰਸ਼ਨ ਵੀ ਹੋਣਗੇ। ਕੈਂਪ ਦਾ ਉਦਘਾਟਨ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਖੰਨਾ ਜੋਤੀ ਯਾਦਵ ਕਰਨਗੇ।
ਸੜਕ ਸੁਰੱਖਿਆ, ਜੋ ਹੁਣ ਪੰਜਾਬ ਪੁਲਿਸ ਲਈ ਪ੍ਰਮੁੱਖ ਤਰਜੀਹ ਬਣੀ ਹੋਈ ਹੈ, ਦਾ ਹਵਾਲਾ ਦਿੰਦੇ ਹੋਏ, ਏਡੀਜੀਪੀ ਏ.ਐਸ. ਰਾਏ ਨੇ ਕਿਹਾ ਕਿ ਇਹ ਮੁਹਿੰਮ ਰੋਕਥਾਮ ਸਿੱਖਿਆ ਅਤੇ ਭਾਈਚਾਰਕ ਸ਼ਮੂਲੀਅਤ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਸਾਡੇ ਕਿਸਾਨਾਂ ਲਈ ਸਥਾਈ ਵਿਵਹਾਰਕ ਤਬਦੀਲੀ ਅਤੇ ਸੁਰੱਖਿਅਤ ਸੜਕਾਂ ਨੂੰ ਯਕੀਨੀ ਬਣਾਉਂਦੀ ਹੈ। ‘‘ਅਜਿਹੀਆਂ ਪਹਿਲਕਦਮੀਆਂ ਕਾਨੂੰਨ ਲਾਗੂ ਕਰਨ ਵਾਲਿਆਂ, ਉਦਯੋਗ ਅਤੇ ਭਾਈਚਾਰੇ ਵਿਚਕਾਰ ਸਹਿਯੋਗ ਨੂੰ ਦਰਸਾਉਂਦੀਆਂ ਹਨ। ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਸਮੂਹਿਕ ਕਾਰਵਾਈ ਨਾਲ ਬਿਹਤਰ ਅਤੇ ਸਥਾਈ ਨਤੀਜੇ ਸਾਹਮਣੇ ਆਉਣਗੇ। ਇਹ ਮੁਹਿੰਮ ਰੋਕਥਾਮ ਸਿੱਖਿਆ, ਭਾਈਵਾਲਾਂ ਦੀ ਸ਼ਮੂਲੀਅਤ ਅਤੇ ਵਿਵਹਾਰਕ ਤਬਦੀਲੀ ਰਾਹੀਂ ਸੁਰੱਖਿਅਤ ਪੰਜਾਬ ਬਣਾਉਣ ਦੇ ਸਾਡੇ ਸੁਪਨੇ ਨਾਲ ਮੇਲ ਖਾਂਦੀ ਹੈ,’’।
ਅਧਿਕਾਰਤ ਅੰਕੜਿਆਂ ਅਨੁਸਾਰ, 2017 ਤੋਂ 2022 ਦਰਮਿਆਨ, ਪੰਜਾਬ ਵਿੱਚ ਟਰੈਕਟਰ-ਟਰਾਲੀਆਂ ਨਾਲ ਸਬੰਧਤ 2,048 ਸੜਕ ਹਾਦਸੇ ਦਰਜ ਕੀਤੇ ਗਏ, ਜਿਸ ਦੇ ਨਤੀਜੇ ਵਜੋਂ 1,569 ਮੌਤਾਂ ਹੋਈਆਂ ਅਤੇ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਕਿਸਾਨ ਸਨ। ਇਹ ਘਟਨਾਵਾਂ ਰਾਜ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਸਾਰੀਆਂ ਮੌਤਾਂ ਦਾ ਲਗਭਗ 5-6 ਫਸੀਦ ਹਨ, ਜਿਸ ਨਾਲ ਪੇਂਡੂ ਸੜਕ ਸੁਰੱਖਿਆ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ।
ਐਮਡੀ ਸੰਜੀਵ ਕੰਵਰ ਨੇ ਕਿਸਾਨਾਂ ਦੀ ਭਲਾਈ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ‘ਆਈ ਐਮ ਏ ਸੇਫਟੀ ਹੀਰੋ’ ਰਾਹੀਂ, ਅਸੀਂ ਜਿੰਦਗੀ ਬਚਾਉਣ ਵਾਲੇ ਗਿਆਨ ਨੂੰ ਸਿੱਧੇ ਤੌਰ ’ਤੇ ਉਨ੍ਹਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ, ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ। ਉਨ੍ਹਾ ਕਿਹਾ ,‘‘ਪੰਜਾਬ ਪੁਲਿਸ ਨਾਲ ਸਾਡੀ ਭਾਈਵਾਲੀ ਇਹ ਯਕੀਨੀ ਬਣਾਉਂਦੀ ਹੈ ਕਿ ਇਹ ਸੁਨੇਹਾ ਭਾਈਚਾਰੇ ਦੇ ਹਰ ਕੋਨੇ ਤੱਕ ਪਹੁੰਚੇ, ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਵਿੱਚ ਮਦਦ ਕਰੇ ਅਤੇ ਲੰਬੇ ਸਮੇਂ ਦੇ ਵਿਵਹਾਰਕ ਬਦਲਾਅ ਨੂੰ ਉਤਸ਼ਾਹਿਤ ਕਰੇ,’’ ।
ਡਾ. ਨਵਦੀਪ ਅਸੀਜਾ ਨੇ ਕਿਹਾ ਕਿ ਖੰਨਾ ਸਿਰਫ਼ ਸ਼ੁਰੂਆਤ ਹੈ। ਉਨਾਂ ਕਿਹਾ, ‘‘ਸਾਡਾ ਉਦੇਸ਼ ਪੇਂਡੂ ਪੰਜਾਬ ਵਿੱਚ ਇਸ ਮਾਡਲ ਨੂੰ ਹੋਰ ਅੱਗੇ ਵਧਾਉਣਾ ਹੈ, ਸੜਕ ਸੁਰੱਖਿਆ ਵਿੱਚ ਸਥਾਨਕ ਭਾਗੀਦਾਰੀ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ’’।
ਜ਼ਿਕਰਯੋਗ ਹੈ ਕਿ ਸਟਿੱਕਰ ਮੁਹਿੰਮ ਅਤੇ ਜਾਗਰੂਕਤਾ ਗਤੀਵਿਧੀਆਂ 28 ਅਪ੍ਰੈਲ ਨੂੰ ਕੰਮ ’ਤੇ ਸੁਰੱਖਿਆ ਅਤੇ ਸਿਹਤ ਲਈ ਵਿਸ਼ਵ ਦਿਵਸ ਤੱਕ ਪੰਜਾਬ ਭਰ ਵਿੱਚ ਜਾਰੀ ਰਹਿਣਗੀਆਂ। ਇਸ ਤੋਂ ਬਾਅਦ, ਪੰਜਾਬ ਪੁਲਿਸ ਦੇ ਟਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਦੇ ਅਧੀਨ ਟਰੈਫਿਕ ਅਤੇ ਸੜਕ ਸੁਰੱਖਿਆ ਸਿੱਖਿਆ ਸੈੱਲਾਂ ਦੁਆਰਾ ਇੱਕ ਰਾਜ ਵਿਆਪੀ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਜਿਸ ਵਿੱਚ ਸਕੂਲ, ਮੰਡੀਆਂ ਅਤੇ ਸੰਵੇਦਨਸ਼ੀਲ ਪੇਂਡੂ ਰੂਟ ਸ਼ਾਮਲ ਹੋਣਗੇ।